ਨਵੀਂ ਦਿੱਲੀ-ਨੌਜਵਾਨ ਵਰਗ ਨੇ ਦੇਸ਼ ਦੀ ਆਜ਼ਾਦੀ ਦੀਆਂ ਗੱਲਾਂ ਕਿਤਾਬਾਂ ,ਅਖਬਾਰਾਂ ਜਾਂ ਸਿਨੇਮਾ ਰਾਹੀਂ ਹੀ ਸੁਣੀਆਂ ਦੇਖੀਆਂ ਹੋਣਗੀਆਂ.ਪਰ ਦਿੱਲੀ ਚ ਲੱਗੇ ਮੌਰਚੇ ਨੇ ਇਸ ਨਵੀਂ ਪੀੜੀ ਨੂੰ ਆਜ਼ਾਦੀ,ਸੰਘਰਸ਼,ਬਲੀਦਾਨ ਅਤੇ ਜਿੱਤ ਦੀ ਖੁਸ਼ੀ-ਜਜ਼ਬੇ ਤੋਂ ਜਾਨੂੰ ਕਰਵਾ ਦਿੱਤਾ ਹੈ.ਜ਼ਿਆਦਾ ਪਿੱਛੇ ਨਾ ਜਾਇਏ ਤਾਂ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਦੌਰਾਨ ਵੀ ਦਿੱਲੀ ਇਸੇ ਹੀ ਜਨੂਨ ਦਾ ਗਵਾਹ ਬਣੀ ਸੀ.ਉਹ ਗੱਲ ਵੱਖਰੀ ਹੈ ਕੀ ਉਸ ਮੋਰਚੇ ਤੋਂ ਨਿਕਲੇ ਕਈ ਲੋਕ ਸਿਆਸੀ ਪਾਰਟੀ ਚ ਅਡਜਸਟ ਹੋ ਗਏ.
ਅੱਜ ਗੱਲ ਜਿੱਤ ਦੀ ਹੋਵੇਗੀ,ਭਾਈਚਾਰੇ ਦੀ ਹੋਵੇਗੀ ਤੇ ਕੇਂਦਰ ਦੀ ਮੋਦੀ ਸਰਕਾਰ ਦੀ ਹਾਰ ਦੀ ਹੋਵੇਗੀ.ਇੱਕ ਸਾਲ ਤੋਂ ਵੱਧ ਸਮਾਂ ਬਾਰਡਰਾਂ ‘ਤੇ ਗੁਜ਼ਾਰ ਕੇ 700 ਤੋਂ ਵਧੇਰੇ ਆਪਣੇ ਸਾਥੀਆਂ ਨੂੰ ਗਵਾ ਕੇ ਕਿਸਾਨ ਜਿੱਤ ਦੀ ਖੁਸ਼ੀ ਨਾਲ ਆਪਣੇ ਸੂਬੇ ਵੱਲ ਪਰਤ ਰਹੇ ਹਨ.ਕਿਸਾਨਾਂ ਦੀ ਖੁਸ਼ੀ ਵੇਖਦਿਆਂ ਹੀ ਬਣ ਰਹੀ ਹੈ.ਹੋਵੇ ਵੀ ਕਿਉਂ ਨਾ ਦੇਸ਼ ਦੇ ਵੱਡੇ ਘਰਾਣਿਆਂ ਅਤੇ ਜ਼ਿੱਦੀ ਸਰਕਾਰ ਨੂੰ ਹਰਾਉਣਾ,ਉਹ ਵੀ ਅਹਿੰਸਾ ਦੇ ਨਾਲ ਕੋਈ ਸੌਖੀ ਗੱਲ ਨਹੀਂ ਸੀ.
ਫਿਲਹਾਲ ਖਬਰ ਇਹ ਹੈ ਕੀ ਦਿੱਲੀ ਦੇ ਮੋਰਚਿਆਂ ਤੋਂ ਕਿਸਾਨਾਂ ਨੇ ਹਰਿਆਣਾ ਅਤੇ ਪੰਜਾਬ ਵੱਲ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਨੇ.ਪੰਜਾਬ ਪੁੱਜ ਕੇ ਕਿਸਾਨ ਸੰਗਠਨ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ.ਕਿਸਾਨਾਂ ਦਾ ਕਹਿਣਾ ਹੈ ਕੀ ਇਹ ਸੱਭ ਕੁੱਝ ਵਾਹਿਗੁਰੂ ਦੇ ਅਸ਼ੀਰਵਾਦ ਅਤੇ ਲੋਕਾਂ ਦੇ ਸਹਿਯੋਗ ਨਾਲ ਕਿਸਾਨ ਭਾਈਚਾਰਾ ਸੰਭਵ ਕਰ ਸਕਿਆ ਹੈ.ਇਹ ਅੰਦੋਲਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ. ਜਿਸਨੇ ਪਾਣੀ ਦੇ ਮੁੱਦੇ ਨੂੰ ਲੈ ਫਾਸਲਾ ਰੱਖਣ ਵਾਲੇ ਹਰਿਆਣਾ-ਪੰਜਾਬ ਗੁਆਂਢੀਆਂ ਨੂੰ ਇੱਕ ਕਰ ਦਿੱਤਾ.ਖਬਰ ਲਿਖੇ ਜਾਣ ਤੱਕ ਕਿਸਾਨ ਦਿੱਲੀ ਚ ਆਪਣੇ ਮੋਰਚੇ ਖਤਮ ਕਰ ਕੂਚ ਕਰ ਰਹੇ ਹਨ,ਪਰ ਜਿੱਤ ਦੇ ਨਿਸ਼ਾਨ ਉੱਥੇ ਹਮੇਸ਼ਾ ਕਾਇਮ ਰਹਿਣਗੇ.