ਕੈਨੇਡਾ ‘ਚ ਨਵੇਂ ਕੋਰੋਨਾ ਕਾਰਨ ਵਧੀ ਸਖ਼ਤੀ

Vancouver – ਓਮੀਕਰੌਨ ਵੇਰੀਐਂਟ ਨੂੰ ਧਿਆਨ ‘ਚ ਰੱਖਦਿਆਂ ਕੈਨੇਡਾ ਸਰਕਾਰ ਵੱਲੋਂ ਹੁਣ ਫ਼ਿਰ ਸਖ਼ਤੀ ਕੀਤੀ ਜਾ ਰਹੀ ਹੈ। ਸਰਕਾਰ ਨੇ ਕੈਨੇਡਾ ਵਾਸੀਆਂ ਨੂੰ ਯਾਤਰਾ ਰੱਦ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।
ਹੁਣ ਕੈਨੇਡਾ ਨੇ ਕੋਵਿਡ ਟੈਸਟ ਦੀਆਂ ਸ਼ਰਤਾਂ ਵਿਚ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਇਸ ਤੋਂ ਇਲਾਵਾ 10 ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ ਵੀ ਹਟਾਇਆ ਜਾ ਰਿਹਾ ਹੈ।ਹੁਣ 21 ਦਸੰਬਰ ਤੋਂ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ ਪਹਿਲਾਂ ਕੋਵਿਡ ਦਾ ਮੌਲੀਕਿਊਲਰ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਇਸ ਬਾਰੇ ਸਾਰੀ ਜਾਣਕਾਰੀ ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ 21 ਦਸੰਬਰ ਤੋਂ ਸਾਰੇ ਯਾਤਰੀਆਂ ਲਈ ਪ੍ਰੀ-ਅਰਾਈਵਲ (ਪਹੁੰਚਣ ਤੋਂ ਪਹਿਲਾਂ ਦੀ) ਟੈਸਟਿੰਗ ਜ਼ਰੂਰੀ ਹੋਵੇਗੀ।
ਫ਼ੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਏਅਰਪੋਰਟਸ ਉੱਪਰ ਯਾਤਰੀਆਂ ਦੀ ਕੋਵਿਡ ਟੈਸਟਿੰਗ ਸਮਰੱਥਾ ਵੀ ਵਧਾ ਦਿੱਤੀ ਗਈ ਹੈ। 30 ਨਵੰਬਰ ਨੂੰ 11,000 ਯਾਤਰੀਆਂ ਦੇ ਪ੍ਰਤੀ ਦਿਨ ਟੈਸਟ ਦੀ ਸਮਰੱਥਾ 16 ਦਸੰਬਰ ਨੂੰ 20,960 ਟੈਸਟ ‘ਤੇ ਪਹੁੰਚ ਗਈ ਹੈ।
ਦੱਸ ਦਈਏ ਕਿ ਫ਼ੈਡਰਲ ਸਰਕਾਰ ਨੇ ਓਮੀਕਰੌਨ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਜੋ 10 ਅਫ਼ਰੀਕੀ ਦੇਸ਼ਾਂ ’ਤੇ ਯਾਤਰਾ ਸੰਬੰਧੀ ਰੋਕ ਲਗਾਈ ਸੀ। ਉਸ ਰੋਕ ਨੂੰ ਹੁਣ ਹਟਾਇਆ ਜਾ ਰਿਹਾ ਹੈ। ਜਦੋਂ ਕੈਨੇਡਾ ਵੱਲੋਂ ਯਾਤਰਾ ਸੰਬੰਧੀ ਪਾਬੰਧੀ ਲਗਾਈ ਗਈ ਸੀ ਤਾਂ ਦੁਨੀਆ ਭਰ ਦੇ ਕਈ ਦੇਸ਼ਾਂ ਅਤੇ ਅਦਾਰਿਆਂ ਵੱਲੋਂ ਅਫ਼ਰੀਕੀ ਦੇਸ਼ਾਂ ਨੂੰ ਪਾਬੰਦੀਆਂ ਦਾ ਨਿਸ਼ਾਨਾ ਬਣਾਏ ਜਾਣ ਦੀ ਆਲੋਚਨਾ ਵੀ ਕੀਤੀ ਗਈ ਸੀ। ਕੈਨੇਡਾ ਨੇ 10 ਅਫ਼ਰੀਕੀ ਦੇਸ਼ਾਂ – ਸਾਊਥ ਅਫ਼ਰੀਕਾ, ਨਮੀਬੀਆ, ਜ਼ਿੰਬਾਬਵੇ, ਬੋਟਸਵਾਨਾ, ਲਿਸੋਥੋ, ਮੁਜ਼ੰਬੀਕ, ਨਾਈਜੀਰੀਆ, ਮਲਾਵੀ, ਇਸਵਾਤਿਨੀ ਅਤੇ ਇਜਿਪਟ ‘ਤੇ ਫ਼ਲਾਈਟ ਬੈਨ ਲਗਾਇਆ ਸੀ।