Vancouver – ਹੁਣ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਹਰ ਪਾਸੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਕਈ ਦੇਸ਼ਾਂ ‘ਚ ਇਸ ਨਾਲ ਜੁੜੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਇਸ ਬਾਰੇ ਮੌਡਰਨਾ ਵੱਲੋਂ ਵੱਡਾ ਦਾਅਵਾ ਕੀਤਾ ਗਿਆ। ਮੌਡਰਨਾ ਨੇ ਉਮੀਦ ਜਤਾਈ ਹੈ ਉਹਨਾਂ ਦੀ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਤੇਜ਼ੀ ਨਾਲ ਫ਼ੈਲ ਰਹੇ ਵਾਇਰਸ ਦੇ ਨਵੇਂ ਓਮੀਕਰੌਨ ਵੇਰੀਐਂਟ ਖ਼ਿਲਾਫ਼ ਵੀ ਸੁਰੱਖਿਆ ਪ੍ਰਦਾਨ ਕਰੇਗੀ। ਇਸ ਬਾਰੇ ਮੌਡਰਨਾ ਨੇ ਜੋ ਲੈਬ ਟੈਸਟ ਕਰਵਾਇਆ ਉਸ ‘ਚ ਪਤਾ ਲੱਗਾ ਹੈ ਕਿ ਬੂਸਟਰ ਦੀ ਅੱਧੀ ਡੋਜ਼ ਤੋਂ ਬਾਅਦ ਐਂਟੀਬੌਡੀਜ਼ ਵਿਚ 37 ਗੁਣਾ ਵਾਧਾ ਸਾਹਮਣੇ ਆਇਆ ਹੈ ਜੋ ਕਿ ਓਮੀਕਰੌਨ ਵੇਰੀਐਂਟਦੇ ਖ਼ਿਲਾਫ਼ ਅਸਰਦਾਰ ਹੈ। ਇਸ ਦੇ ਨਾਲ ਹੀ ਬੂਸਟਰ ਸ਼ੌਟ ਦੀ ਪੂਰੀ ਡੋਜ਼ ਦਿੱਤੇ ਜਾਣ ਤੋਂ ਬਾਅਦ ਐਂਟੀਬੌਡੀਜ਼ ਦੇ ਪੱਧਰ ਵਿਚ 83 ਗੁਣਾ ਵਾਧਾ ਸਾਹਮਣੇ ਆਇਆ, ਪਰ ਇਸ ਨਾਲ ਹੋਣ ਵਾਲੇ ਸਾਈਡ ਇਫ਼ੈਕਟਸ ਵਿਚ ਵੀ ਵਾਧਾ ਹੋਇਆ। ਹੁਣ ਮੌਡਰਨਾ ਨੇ ਇਹ ਸਾਰੀ ਜਾਣਕਾਰੀ ਇੱਕ ਮੀਡੀਆ ਰਿਲੀਜ਼ ਵਿਚ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸ਼ੁਰੂਆਤੀ ਲੈਬ ਟੈਸਟ ਡਾਟਾ ਦਾ ਐਲਾਨ ਕੀਤਾ ਹੈ ਅਤੇ ਫ਼ਿਲਹਾਲ ਇਸਦਾ ਵਿਗਿਆਨਕ ਰੀਵਿਊ ਨਹੀਂ ਕੀਤਾ ਗਿਆ ਹੈ।
ਦੱਸ ਦਈਏ ਕਿ ਕਿ ਜ਼ਿਆਦਾਤਰ ਮੌਡਰਨਾ ਬੂਸਟਰ ਟੀਕਿਆਂ ਲਈ ਅੱਧੀ ਡੋਜ਼ ਦੀ ਵਰਤੋਂ ਕੀਤੀ ਜਾ ਰਹੀ ਹੈ, ਪਰ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਬੂਸਟਰ ਦੀ ਪੂਰੀ ਖ਼ੁਰਾਕ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।ਫ਼ਾਈਜ਼ਰ ਅਤੇ ਮੌਡਰਨਾ ਦੋਵਾਂ ਦੀਆਂ ਕੋਵਿਡ ਵੈਕਸੀਨਾਂ ਐਮਆਰਐਨਏ (mRNA) ਤਕਨੀਕ ਨਾਲ ਤਿਆਰ ਹੋਈਆਂ ਹਨ ਅਤੇ ਇਹ ਕੈਨੇਡਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਵਰਤੀਆਂ ਜਾ ਰਹੀਆਂ ਹਨ।