ਮਹਿੰਦਰ ਸਿੰਘ ਧੋਨੀ ਦੇ ਅਚਾਨਕ ਸੰਨਿਆਸ ਲੈਣ ‘ਤੇ ਸਦਮੇ ‘ਚ ਸੀ ਭਾਰਤੀ ਖਿਡਾਰੀ, ਰਵੀ ਸ਼ਾਸਤਰੀ ਨੇ ਦੱਸਿਆ ਕਿ ਉਸ ਦਿਨ ਕੀ ਹੋਇਆ ਸੀ

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਹਮੇਸ਼ਾ ਹੈਰਾਨ ਕਰਨ ਵਾਲੇ ਫੈਸਲੇ ਲੈਣ ਲਈ ਜਾਣੇ ਜਾਂਦੇ ਹਨ। ਧੋਨੀ ਨੇ ਸਾਲ 2014 ‘ਚ ਅਚਾਨਕ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਸਮੇਂ ਭਾਰਤੀ ਟੀਮ ਆਸਟ੍ਰੇਲੀਆ ਦੇ ਦੌਰੇ ‘ਤੇ ਸੀ ਅਤੇ ਰਵੀ ਸ਼ਾਸਤਰੀ ਭਾਰਤੀ ਕ੍ਰਿਕਟ ਟੀਮ ਦੇ ਨਿਰਦੇਸ਼ਕ ਸਨ। ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਹਨ। ਧੋਨੀ ਨੇ ਆਪਣਾ ਆਖਰੀ ਟੈਸਟ ਮੈਚ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡਿਆ ਸੀ।

ਰਵੀ ਸ਼ਾਸਤਰੀ ਨੇ ਸਟਾਰ ਸਪੋਰਟਸ ਨਾਲ ਗੱਲਬਾਤ ‘ਚ ਕਿਹਾ ਕਿ ਮੈਲਬੋਰਨ ਟੈਸਟ ਡਰਾਅ ਹੋਣ ਤੋਂ ਬਾਅਦ ਧੋਨੀ ਉਨ੍ਹਾਂ ਨੂੰ ਮਿਲਣ ਆਏ ਸਨ। ਸ਼ਾਸਤਰੀ ਨੇ ਕਿਹਾ, ”ਧੋਨੀ ਨੂੰ ਪ੍ਰੈੱਸ ਕਾਨਫਰੰਸ ‘ਚ ਜਾਣਾ ਪਿਆ। ਉੱਥੇ ਜਾਣ ਤੋਂ ਪਹਿਲਾਂ ਉਸ ਨੇ ਮੈਨੂੰ ਕਿਹਾ ਕਿ ਰਵੀ ਭਾਈ, ਜਦੋਂ ਮੈਂ ਵਾਪਸ ਆਵਾਂਗਾ ਤਾਂ ਮੈਂ ਆਪਣੇ ਸਾਥੀ ਖਿਡਾਰੀਆਂ ਨਾਲ ਗੱਲ ਕਰਨੀ ਹੈ। ਫਿਰ ਮੈਂ ਉਸ ਨੂੰ ਕਿਹਾ ਕਿ ਤੁਸੀਂ ਕਪਤਾਨ ਹੋ, ਤੁਸੀਂ ਬਿਲਕੁਲ ਗੱਲ ਕਰ ਸਕਦੇ ਹੋ। ਮੈਂ ਸੋਚਿਆ ਸੀ ਕਿ ਧੋਨੀ ਮੈਚ ਬਾਰੇ ਖਿਡਾਰੀਆਂ ਨਾਲ ਗੱਲ ਕਰਨਗੇ, ਪਰ ਅਜਿਹਾ ਨਹੀਂ ਸੀ। ਜਦੋਂ ਐਮਐਸ ਨੇ ਇਹ ਐਲਾਨ ਕੀਤਾ ਤਾਂ ਜ਼ਿਆਦਾਤਰ ਖਿਡਾਰੀ ਸਦਮੇ ਵਿੱਚ ਸਨ। ਇਹ ਧੋਨੀ ਹੈ।”

ਰਵੀ ਸ਼ਾਸਤਰੀ ਨੇ ਅੱਗੇ ਕਿਹਾ ਕਿ ਧੋਨੀ ਨੇ ਸੰਨਿਆਸ ਦਾ ਫੈਸਲਾ ਉਦੋਂ ਲਿਆ ਜਦੋਂ ਉਹ ਸਮਝ ਗਿਆ ਕਿ ਵਿਰਾਟ ਕੋਹਲੀ ਟੀਮ ਦੀ ਕਪਤਾਨੀ ਕਰਨ ਲਈ ਤਿਆਰ ਹੈ। ਧੋਨੀ ਦੀ ਕਪਤਾਨੀ ‘ਚ ਭਾਰਤ ਨੇ 60 ਟੈਸਟ ਮੈਚ ਖੇਡੇ ਜਿਸ ‘ਚ ਟੀਮ ਇੰਡੀਆ 27 ਮੈਚ ਜਿੱਤਣ ‘ਚ ਸਫਲ ਰਹੀ। ਧੋਨੀ ਨੇ ਬਤੌਰ ਖਿਡਾਰੀ 90 ਟੈਸਟ ਮੈਚ ਖੇਡੇ ਹਨ। ਉਸਨੇ 38.09 ਦੀ ਔਸਤ ਨਾਲ 4876 ਦੌੜਾਂ ਬਣਾ ਕੇ ਆਪਣੇ ਟੈਸਟ ਕਰੀਅਰ ਦਾ ਅੰਤ ਕੀਤਾ। ਉਸ ਦੇ 6 ਸੈਂਕੜੇ ਅਤੇ 33 ਅਰਧ ਸੈਂਕੜੇ ਸ਼ਾਮਲ ਹਨ।