ਟੀਵੀ ਪੰਜਾਬ ਬਿਊਰੋ-ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ‘ਤੇ ਇਕ ਵਾਰ ਫਿਰ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ। ਇਸ ਵਾਰ ਇਹ ਇਲਜ਼ਾਮ ਇਕ ਅਧਿਆਪਕਾ ਵੱਲੋਂ ਲਗਾਏ ਗਏ ਹਨ। ਉਕਤ ਜਨਾਨੀ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਮੇਲ ਕਰਕੇ ਇਸ ਸਬੰਧੀ ਸ਼ਿਕਾਇਤ ਕੀਤੀ ਹੈ।
ਇਸ ਮਾਮਲੇ ਸਬੰਧੀ ਸਿਮਰਜੀਤ ਬੈਂਸ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਸਫ਼ਾਈ ਦਿੱਤੀ ਅਤੇ ਕਿਹਾ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦੀ ਸਾਜ਼ਿਸ਼ ਹੈ, ਜੋ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਢਾਹ ਲਾਉਣ ਲਈ ਕੋਝੀਆਂ ਚਾਲਾਂ ਚੱਲ ਰਹੇ ਹਨ। ਸਿਮਰਜੀਤ ਬੈਂਸ ਨੇ ਕਿਹਾ ਕਿ ਜਿਸ ਜਨਾਨੀ ਵੱਲੋਂ ਉਨ੍ਹਾਂ ‘ਤੇ ਇਲਜ਼ਾਮ ਲਗਾਏ ਗਏ ਹਨ, ਉਹ ਉਸ ਨੂੰ ਇੱਕ ਵਾਰ ਹੀ ਮਿਲੇ ਸਨ, ਉਹ ਵੀ ਜਦੋਂ ਉਨ੍ਹਾਂ ਦੇ ਫਾਰਮ ਹਾਊਸ ਦਾ ਕੰਮ ਚੱਲ ਰਿਹਾ ਸੀ ਤਾਂ ਉਦੋਂ ਜਨਾਨੀ ਕਿਸੇ ਵਿਅਕਤੀ ਨਾਲ ਪਲਾਟ ਵੇਖਣ ਉੱਥੇ ਆਈ ਸੀ। ਉਨ੍ਹਾਂ ਦੱਸਿਆ ਕਿ ਉਸੇ ਥਾਂ ‘ਤੇ ਉਨ੍ਹਾਂ ਦੀ ਥੋੜ੍ਹੀ ਦੇਰ ਗੱਲਬਾਤ ਹੋਈ ਅਤੇ ਉੱਥੇ ਬੈਠਣ ਤੱਕ ਦੀ ਥਾਂ ਨਹੀਂ ਸੀ, ਇਸ ਕਰਕੇ ਉਹ ਇਸੇ ਤਰ੍ਹਾਂ ਚਲੇ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀ ਉਕਤ ਜਨਾਨੀ ਨਾਲ ਕਦੇ ਮੁਲਾਕਾਤ ਨਹੀਂ ਹੋਈ।
ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਲਈ ਵਿਰੋਧੀਆਂ ਵੱਲੋਂ ਲਗਾਤਾਰ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਸ ਇਸ ਸਬੰਧੀ ਕੋਈ ਸਬੂਤ ਨਹੀਂ ਜੁਟਾ ਪਾ ਰਹੀ ਹੈ ਅਤੇ ਨਾ ਹੀ ਅਦਾਲਤ ਵਿਚ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਮਿਲ ਰਿਹਾ ਹੈ, ਜਿਸ ਕਰਕੇ ਜੋ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਹਨ, ਉਹ ਝੂਠ ਤੋਂ ਸਿਵਾਏ ਕੁੱਝ ਨਹੀਂ ਹਨ। ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਦਿਨ-ਰਾਤ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਇਸੇ ਦਾ ਵਿਰੋਧੀਆਂ ਨੂੰ ਡਰ ਪੈ ਗਿਆ ਹੈ ਕਿਉਂਕਿ ਹੁਣ ਚੋਣਾਂ ਨੇੜੇ ਆ ਗਈਆਂ ਹਨ। ਇਸੇ ਕਰਕੇ ਹੀ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਜਨਾਨੀਆਂ ਨੂੰ ਵਿਰੋਧੀਆਂ ਵੱਲੋਂ ਲਾਲਚ ਦੇ ਕੇ ਉਨ੍ਹਾਂ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਤੇ ਸਾਰੇ ਲੋਕ ਜਾਣਦੇ ਹਨ ਕਿ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਵੱਡੇ ਭਰਾ ਦਾ ਅਕਸ ਕਿਹੋ ਜਿਹਾ ਹੈ। ਉਨ੍ਹਾਂ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਕਾਨੂੰਨ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੈ ਅਤੇ ਉਨ੍ਹਾਂ ਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ। ਬੈਂਸ ਦੀ ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਲੋਕ ਇਨਸਾਫ਼ ਪਾਰਟੀ ਲੁਧਿਆਣਾ ਦੀ ਲਗਭਗ ਸਾਰੀ ਲੀਡਰਸ਼ਿਪ ਮੌਜੂਦ ਸੀ। ਇਨ੍ਹਾਂ ਕਿਹਾ ਕਿ ਸਭ ਭਲੀ ਭਾਂਤ ਜਾਣਦੇ ਹਨ ਕਿ ਸਿਮਰਜੀਤ ਬੈਂਸ ਦਾ ਅਕਸ ਸਾਫ਼-ਸੁਥਰਾ ਹੈ।