ਨਵੀਂ ਦਿੱਲੀ– ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਚ ਭਾਜਪਾ ਗਠਜੋੜ ਦੀ ਸਰਕਾਰ ਆਉਣ ‘ਤੇ ਸੂਬੇ ਤੋਂ ਮਾਫੀਆ ਰਾਜ ਨੂੰ ਖਤਮ ਕਰ ਦਿੱਤਾ ਜਾਵੇਗਾ.ਉਨ੍ਹਾਂ ਕਿਹਾ ਕੀ ਆਰਥਿਕ ਤੰਗਹਾਲੀ ਦਾ ਸ਼ਿਕਾਰ ਹੋਏ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨਾਲ ਮਿਲ ਕੇ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ.
ਭਾਜਪਾ ਪ੍ਰਧਾਨ ਜੇ.ਪੀ ਨੱਡਾ ਦਿੱਲੀ ਚ ਪ੍ਰੈਸ ਕਾਨਫਰੰਸ ਕੀਤੀ ਗਈ.ਜਿਸ ਵਿੱਚ ਗਠਜੋੜ ਦੇ ਭਾਈਵਾਲ ਪੰਜਾਬ ਲੋਕ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਢੀਂਡਸਾ ਵੀ ਉਨ੍ਹਾਂ ਦੇ ਨਾਲ ਸਨ.ਇਸ ਦੌਰਾਨ ਨੱਡਾ ਨੇ ਐਲਾਨ ਕੀਤਾ ਕਿ ਐੱਨ ਡੀ.ਏ ਦਾ ਇਹ ਗਠਜੋੜ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗਾ.ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨੇ ਐਲਾਨ ਕੀਤਾ ਕਿ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 37 ਅਤੇ ਢੀਂਡਸਾ ਗਰੁੱਪ 15 ਸੀਟਾਂ ‘ਤੇ ਚੋਣ ਲੜੇਗਾ.ਉਨ੍ਹਾਂ ਸਾਫ ਕੀਤਾ ਕਿ ਭਾਵੇਂ ਬਾਕੀ ਦੀਆਂ ਸੀਟਾਂ ‘ਤੇ ਭਾਜਪਾ ਆਪਣੇ ਉਮੀਦਵਾਰ ਉਤਾਰੇਗੀ ਪਰ ਇਸਦੇ ਬਾਵਜੂਦ ਵੀ ਲੋੜ ਪੈਣ ‘ਤੇ ਸੀਟਾਂ ਚ ਹੇਰਫੇਰ ਕੀਤਾ ਜਾ ਸਕਦਾ ਹੈ.
ਪੰਜਾਬ ਦੀ ਗੱਲ ਕਰਦਿਆਂ ਨੱਡਾ ਨੇ ਸਰਹੱਦੀ ਸੂਬੇ ਪੰਜਾਬ ਦੀ ਸੁਰੱਖਿਆ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ.ਪਹਿਲੀ ਵਾਰ ਪੰਜਾਬ ਦੇ ਘਟਕ ਦਲਾਂ ਨਾਲ ਪ੍ਰੈਸ ਮਿਲਣੀ ਕਰਦਿਆਂ ਨੱਡਾ ਨੇ ਕਿਹਾ ਕਿ ਭਾਜਪਾ ਗਠਜੋੜ ਪੰਜਾਬ ਚ ਸਰਕਾਰ ਬਣਾ ਕੇ ਇਸਨੂੰ ਹੋਰ ਸੁਰੱਖਿਅਤ ਕਰੇਗਾ.ਨੱਡਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਪੰਜਾਬ ਦੇ ਵਿਕਾਸ ਅਤੇ ਕਿਸਾਨੀ ਦੇ ਮੁੱਦੇ ‘ਤੇ ਕੰਮ ਕਰੇਗੀ.ਉਨ੍ਹਾਂ ਕਿਹਾ ਕਿ ਪੰਜਾਬ ‘ਤੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ ਅਤੇ ਇਹ ਸੂਬਾ ਵਿਕਾਸ ਦੇ ਨਜ਼ਰੀਏ ਤੋਂ ਵੀ ਪਿੱਛੇ ਗਿਆ ਹੈ.ਭਾਜਪਾ ਗਠਜੋੜ ਦੀ ਸਰਕਾਰ ਆਉਣ ‘ਤੇ ਸੂਬੇ ਦੀ ਤੰਗਹਾਲੀ ਨੂੰ ਖਤਮ ਕੀਤਾ ਜਾਵੇਗਾ.ਲੰਗਰ ਤੋਂ ਜੀ.ਐੱਸ.ਟੀ ਅਤੇ ਹਰਿਮੰਦਰ ਸਾਹਿਬ ਤੋਂ ਐੱਫ.ਸੀ.ਪੀ.ਏ ਸਹੂਲਤ ਅਤੇ ਕਰਤਾਰਪੁਰ ਕੋਰੀਡੋਰ ਦੇਣ ਨਾਲ ਨਾਲ ਭਾਜਪਾ ਸਰਕਾਰ ਪੰਜਾਬ ਪ੍ਰਤੀ ਆਪਣੀ ਨਿਸ਼ਠਾ ਸਾਬਿਤ ਕਰ ਚੁੱਕੀ ਹੈ.ਉਨ੍ਹਾਂ ਪੰਜਾਬ ਚ ਬਲੈਕ ਲਿਸਟ ਖਤਮ ਕਰਨ ਦਾ ਵੀ ਜ਼ਿਕਰ ਕੀਤਾ.
ਨੱਡਾ ਨੇ ਕਿਹਾ ਕਿ ਪੰਜਾਬ ਚ ਮਾਫੀਆ ਰਾਜ ਚੱਲ ਰਿਹਾ ਹੈ ਜਿਸਨੂੰ ਗਠਜੋੜ ਦੀ ਸਰਕਾਰ ਖਤਮ ਕੇਰਗੀ.ਅੱਤਵਾਦ ਦੇ ਖਿਲਾਫ ਜ਼ੀਰੋ ਟੋਲਰੇਂਸ ਨਾਲ ਪੰਜਾਬ ਚ ਕੰਮ ਕਰਨ ਦਾ ਭਾਜਪਾ ਨੇ ਜ਼ੋਰ ਦਿੱਤਾ ਹੈ.ਨੱਡਾ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨੇ ਵੀ ਪੰਜਾਬ ਦੇ ਹਾਲਾਤਾਂ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ.