U19 WC, IND vs AUS: ਇਸ ਮਾਮਲੇ ‘ਚ Virat Kohli ਤੋਂ ਵੀ ਅੱਗੇ ਨਿਕਲੇ Yash Dhull

ਅੰਡਰ-19 ਵਿਸ਼ਵ ਕੱਪ ਦੇ ਸੁਪਰ ਲੀਗ ਸੈਮੀਫਾਈਨਲ-2 ‘ਚ ਭਾਰਤ ਨੇ ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤੀ ਟੀਮ ਨੇ ਲਗਾਤਾਰ ਚੌਥੀ ਵਾਰ ਫਾਈਨਲ ਮੈਚ ਵਿੱਚ ਪ੍ਰਵੇਸ਼ ਕੀਤਾ ਹੈ, ਜਿੱਥੇ ਉਸਦਾ ਸਾਹਮਣਾ 5 ਫਰਵਰੀ ਨੂੰ ਇੰਗਲੈਂਡ ਨਾਲ ਹੋਵੇਗਾ। ਸੈਮੀਫਾਈਨਲ ਮੈਚ ਵਿੱਚ ਯਸ਼ ਧੂਲ ਨੇ ਕਪਤਾਨੀ ਪਾਰੀ ਖੇਡਦੇ ਹੋਏ ਸੈਂਕੜਾ ਜੜਿਆ। ਯਸ਼ ਨੇ 110 ਗੇਂਦਾਂ ‘ਚ 10 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 110 ਦੌੜਾਂ ਬਣਾਈਆਂ। ਉਸ ਨੇ ਨਾ ਸਿਰਫ਼ ਸੈਂਕੜਾ ਖੇਡਿਆ, ਸਗੋਂ ਸ਼ੇਖ ਰਾਸ਼ਿਦ ਨਾਲ ਤੀਜੀ ਵਿਕਟ ਲਈ 204 ਦੌੜਾਂ ਵੀ ਜੋੜੀਆਂ।

ਅੰਡਰ-19 ਵਿਸ਼ਵ ਕੱਪ ‘ਚ ਸੈਂਕੜਾ ਲਗਾਉਣ ਵਾਲੇ ਯਸ਼ ਧੂਲ ਤੀਜੇ ਭਾਰਤੀ ਹਨ
ਇਸ ਨਾਲ ਯਸ਼ ਧੂਲ ਅੰਡਰ-19 ਵਿਸ਼ਵ ਕੱਪ ‘ਚ ਸੈਂਕੜਾ ਲਗਾਉਣ ਵਾਲੇ ਤੀਜੇ ਭਾਰਤੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਵਿਰਾਟ ਕੋਹਲੀ ਨੇ 2008 ‘ਚ ਗਰੁੱਪ ਮੈਚ ਦੌਰਾਨ ਵੈਸਟਇੰਡੀਜ਼ ਖਿਲਾਫ 100 ਦੌੜਾਂ ਬਣਾਈਆਂ ਸਨ, ਜਦਕਿ ਉਨਮੁਕਤ ਚੰਦ ਨੇ 2012 ‘ਚ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ‘ਚ ਨਾਬਾਦ 111 ਦੌੜਾਂ ਬਣਾਈਆਂ ਸਨ।

ਯਸ਼ ਧੂਲ-ਸ਼ੇਖ ਰਾਸ਼ਿਦ ਨੇ ਭਾਰਤ ਨੂੰ ਵੱਡਾ ਸਕੋਰ ਬਣਾਇਆ
2 ਫਰਵਰੀ ਨੂੰ ਐਂਟੀਗੁਆ ‘ਚ ਖੇਡੇ ਗਏ ਇਸ ਸੈਮੀਫਾਈਨਲ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ ‘ਤੇ 290 ਦੌੜਾਂ ਬਣਾਈਆਂ। ਯਸ਼ ਧੂਲ (110) ਤੋਂ ਇਲਾਵਾ ਸ਼ੇਖ ਰਾਸ਼ਿਦ ਨੇ 94 ਦੌੜਾਂ ਦੀ ਪਾਰੀ ਖੇਡੀ। ਵਿਰੋਧੀ ਟੀਮ ਵੱਲੋਂ ਜੈਕ ਨਿਸਬੇਟ ਅਤੇ ਵਿਲੀਅਮਜ਼ ਸਾਲਜ਼ਮੈਨ ਨੇ 2-2 ਵਿਕਟਾਂ ਲਈਆਂ।

ਆਸਟ੍ਰੇਲੀਆ ਸਿਰਫ 194 ਦੌੜਾਂ ‘ਤੇ ਆਲ ਆਊਟ ਹੋ ਗਿਆ
ਜਵਾਬ ‘ਚ ਆਸਟ੍ਰੇਲੀਆ ਦੀ ਟੀਮ 41.5 ਓਵਰਾਂ ‘ਚ ਸਿਰਫ 194 ਦੌੜਾਂ ‘ਤੇ ਹੀ ਢੇਰ ਹੋ ਗਈ। ਕੈਂਪਬੈਲ ਕੇਲਾਵੇ ਅਤੇ ਕੋਰੀ ਮਿਲਰ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਆਸਟਰੇਲੀਆ ਨੂੰ ਮੁਸ਼ਕਲਾਂ ਵਿੱਚੋਂ ਕੱਢਿਆ। ਮਿਲਰ 38 ਦੌੜਾਂ ਬਣਾ ਕੇ ਆਊਟ ਹੋ ਗਿਆ ਜਦਕਿ ਕੈਂਪਬੈਲ ਨੇ 30 ਦੌੜਾਂ ਬਣਾਈਆਂ।

ਉਸ ਦੇ ਪੈਵੇਲੀਅਨ ਪਰਤਦਿਆਂ ਹੀ ਵਿਕਟਾਂ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਾਲਾਂਕਿ ਲਚਲਾਨ ਸ਼ਾਅ ਨੇ 51 ਦੌੜਾਂ ਬਣਾ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਸਿਰੇ ‘ਤੇ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਭਾਰਤ ਲਈ ਵਿੱਕੀ ਓਸਤਵਾਲ ਨੇ 3 ਵਿਕਟਾਂ ਲਈਆਂ, ਜਦਕਿ ਰਵੀ ਕੁਮਾਰ ਅਤੇ ਨਿਸ਼ਾਂਤ ਸੰਧੂ ਨੇ 2-2 ਵਿਕਟਾਂ ਹਾਸਲ ਕੀਤੀਆਂ।