ਚੋਣ 2022 ਦੇ ਮੱਦੇਨਜ਼ਰ ਅਕਾਲੀ ਦਲ ਅਤੇ BSP ਵਿਚਾਲੇ ਗੱਠਜੋੜ, ਇਸ ਤਰ੍ਹਾਂ ਹੋਇਆ ਸੀਟਾਂ ‘ਤੇ ਸਮਝੌਤਾ

ਟੀਵੀ ਪੰਜਾਬ ਬਿਊਰੋ- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰ ਦਿੱਤਾ ਹੈ । ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਵਲੋਂ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚੋਂ ਕੀਤਾ ਗਿਆ । ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਅਤੇ ਬਸਪਾ ਵਿਚਾਲੇ ਹੋਏ ਸਮਝੌਤੇ ਦੇ ਮੁਤਾਬਕ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਹੈ।
ਇਸ ਸਮਝੌਤੇ ਦੇ ਤਹਿਤ ਜਲੰਧਰ ਨੌਰਥ, ਜਲੰਧਰ ਵੈਸਟ, ਕਰਤਾਰਪੁਰ, ਫਗਵਾੜਾ, ਮੋਹਾਲੀ, ਟਾਂਡਾ, ਹੁਸ਼ਿਆਰਪੁਰ ਸਿਟੀ, ਦਸੂਹਾ, ਚਮਕੌਰ ਸਾਹਿਬ, ਬਸੀ ਪਠਾਣਾਂ, ਨਵਾਂਸ਼ਹਿਰ, ਲੁਧਿਆਣਾ ਨੌਰਥ, ਪਾਇਲ ਪਠਾਨਕੋਟ, ਸੁਜਾਨਪੁਰ, ਬੋਹਾ, ਮਹਿਲ ਕਲਾਂ, ਆਨੰਦਪੁਰ ਸਾਹਿਬ, ਅੰਮ੍ਰਿਤਸਰ ਸੈਂਟਰਲ ਅਤੇ ਅੰਮ੍ਰਿਤਸਰ ਨੌਰਥ ਸੀਟਾਂ ਬਸਪਾ ਨੂੰ ਦਿੱਤੀਆਂ ਗਈਆਂ ਹਨ । ਇਸ ਤਰ੍ਹਾਂ ਚੋਣ 2022 ਦੀ ਜੰਗ ਵਿੱਚ 20 ਸੀਟਾਂ ‘ਤੇ BSP ਆਪਣੇ ਉਮੀਦਵਾਰ ਉਤਾਰੇਗੀ ਅਤੇ 97 ਸੀਟਾਂ ਤੇ ਅਕਾਲੀ ਦਲ ਆਪਣੇ ਉਮੀਦਵਾਰ ਉਤਾਰੇਗਾ

ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਵੱਡੀ ਰਾਜਸੀ ਘਟਨਾ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਮੁੜ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ ਸਾਲ 1996 ਵਿਚ ਦੋਹਾਂ ਪਾਰਟੀਆਂ ਨੇ ਸੰਸਦੀ ਚੋਣਾਂ ਇਕੱਠਿਆਂ ਲੜੀਆਂ ਸਨ ਅਤੇ ਇਸ ਵਿਚ 13 ਵਿਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।