ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ‘ਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪਰ ਬੰਗਾਲ ਕ੍ਰਿਕਟ ਸੰਘ ਦਰਸ਼ਕਾਂ ਨੂੰ ਸਟੇਡੀਅਮ ‘ਚ ਲਿਆਉਣ ਲਈ ਮਨਜ਼ੂਰੀ ਮੰਗ ਰਿਹਾ ਹੈ। ਉਨ੍ਹਾਂ ਨੇ ਇਕ ਵਾਰ ਫਿਰ ਇਸ ਸੰਦਰਭ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੋਂ ਇਜਾਜ਼ਤ ਮੰਗੀ ਹੈ। ਕੈਬ ਨੇ ਕਿਹਾ ਕਿ ਹੁਣ ਦਰਸ਼ਕ ਪਹਿਲੇ ਟੀ-20 ‘ਚ ਨਹੀਂ ਆ ਸਕਣਗੇ ਪਰ ਉਮੀਦ ਹੈ ਕਿ ਬੀਸੀਸੀਆਈ ਦੂਜੇ ਅਤੇ ਤੀਜੇ ਮੈਚ ‘ਚ ਦਰਸ਼ਕਾਂ ਦੇ ਨਾ ਆਉਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰੇਗਾ।
CAB ਦੇ ਪ੍ਰਧਾਨ ਅਵਿਸ਼ੇਕ ਡਾਲਮੀਆ ਨੇ ਬਿਆਨ ਵਿੱਚ ਕਿਹਾ, “ਬੰਗਾਲ ਕ੍ਰਿਕਟ ਸੰਘ ਨੇ ਫਿਰ ਤੋਂ ਬੀਸੀਸੀਆਈ ਨੂੰ ਬਾਕੀ ਮੈਚਾਂ ਲਈ ਦਰਸ਼ਕਾਂ ਨੂੰ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ।”
“ਬੋਰਡ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, CAB ਇਸ ਬਾਰੇ ਆਪਣੇ ਸਾਰੇ ਹਿੱਸੇਦਾਰਾਂ ਨੂੰ ਸੂਚਿਤ ਕਰੇਗਾ,” ਉਸਨੇ ਕਿਹਾ।
ਪਹਿਲੇ ਮੈਚ ਵਿੱਚ ਸਿਰਫ਼ 2000 ਲੋਕ ਹੀ ਮੌਜੂਦ ਹੋਣਗੇ, ਜਿਨ੍ਹਾਂ ਵਿੱਚ ਮੈਚ ਦੇ ਪ੍ਰਤੀਨਿਧ ਅਤੇ ਸਪਾਂਸਰਾਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ।
ਡਾਲਮੀਆ ਨੇ ਕਿਹਾ, “ਬੀਸੀਸੀਆਈ ਨੇ ਸਪਾਂਸਰਾਂ ਅਤੇ ਮੈਚ ਪ੍ਰਤੀਨਿਧੀਆਂ ਲਈ ਸਿਰਫ਼ ਉਪਰਲੇ ‘ਟੀਅਰ’ ਅਤੇ ਗੈਸਟ ਬਾਕਸ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।”
ਇਸ ਤੋਂ ਪਹਿਲਾਂ ਡਾਲਮੀਆ ਨੇ ਉਮੀਦ ਜਤਾਈ ਸੀ ਕਿ ਇਨ੍ਹਾਂ ਮੈਚਾਂ ‘ਚ ਦਰਸ਼ਕ ਮੌਜੂਦ ਰਹਿਣਗੇ ਕਿਉਂਕਿ ਸੂਬਾ ਸਰਕਾਰ ਨੇ ਸਟੇਡੀਅਮ ਦੀ ਸਮਰੱਥਾ ਦੇ 75 ਫੀਸਦੀ ਦਰਸ਼ਕਾਂ ਦੀ ਹਾਜ਼ਰੀ ਦੀ ਇਜਾਜ਼ਤ ਦਿੱਤੀ ਸੀ।
ਪਰ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਹ ਸੁਰੱਖਿਆ ਨੂੰ ਤਰਜੀਹ ਦੇਣ ਦੇ ਬੋਰਡ ਦੇ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ ਦਰਸ਼ਕਾਂ ਨੂੰ ਨਹੀਂ ਆਉਣ ਦੇਣਗੇ।
ਡਾਲਮੀਆ ਨੇ ਫਿਰ ਬੋਰਡ ਨੂੰ ਪ੍ਰਸ਼ੰਸਕਾਂ ਨੂੰ ਇਜਾਜ਼ਤ ਦੇਣ ਦੀ ਅਪੀਲ ਕੀਤੀ। ਪਿਛਲੇ ਸਾਲ ਨਵੰਬਰ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਟੀ-20 ਮੈਚ ‘ਚ 70 ਫੀਸਦੀ ਦਰਸ਼ਕਾਂ ਨੂੰ ਇਜਾਜ਼ਤ ਦਿੱਤੀ ਗਈ ਸੀ।