ਫੇਲ੍ਹ ਹੋਇਆ ਸੀ.ਐਮ ਮਾਨ ਦਾ ਹਿਮਾਚਲ ਦੌਰਾ , ਪ੍ਰਦੇਸ਼ ਪ੍ਰਧਾਨ ਨੇ ਛੱਡੀ ‘ਆਪ’

ਜਲੰਧਰ- ਪੰਜਾਬ ਤੋਂ ਬਾਅਦ ਹਿਮਾਚਲ ਪ੍ਰਦੇਸ਼ ਚ ਸਰਕਾਰ ਬਨਾਉਣ ਦਾ ਸੁਫਨਾ ਲੈਣ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉੱਥੇ ਬਤੌਰ ਸਟਾਰ ਕੰਪੇਨਰ ਪ੍ਰਚਾਰ ਕਰਨ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਝਟਕਾ ਲੱਗਿਆ ਹੈ । ਹਿਮਾਚਲ ਪ੍ਰਦੇਸ਼ ‘ਚ ਪਾਰਟੀ ਦੇ ਪ੍ਰਧਾਨ ਅਨੂਪ ਕੇਸਰੀ ਨੇ ‘ਆਪ’ ਨੂੰ ਅਲਵਿਦਾ ਕਹਿ ਦਿੱਤਾ ਹੈ ।ਇਸਦੇ ਨਾਲ ਹੀ ਪਾਰਟੀ ਦੇ ਸੰਗਠਨ ਮਹਾਮੰਤਰੀ ਸਤੀਸ਼ ਠਾਕੁਰ ਅਤੇ ਊਨਾ ਦੇ ਪ੍ਰਧਾਨ ਇਕਬਾਲ ਸਿੰਘ ਨੇ ਵੀ ਝਾੜੂ ਸਿੱਟ ਕੇ ਕਮਲ ਦਾ ਫੁੱਲ ਫੜ੍ਹ ਲਿਆ ਹੈ ।ਤਿਨਾਂ ਨੇਤਾਵਾਂ ਨੇ ਭਾਜਪਾ ਪ੍ਰਧਾਨ ਜੇ.ਪੀ ਨੱਢਾ ਅਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਦੀ ਮੌਜੂਦਗੀ ਚ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ।ਅਨੁਰਾਗ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ।

ਅਨੁਰਾਗ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ‘ ਅਰਵਿੰਦ ਕੇਜਰੀਵਾਲ ਪਹਾੜ ਅਤੇ ਪਹਾੜੀ ਤੁਹਾਡੇ ਝਾਂਸੇ ਚ ਨਹੀਂ ਆਉਣਗੇ ।ਆਮ ਆਦਮੀ ਪਾਰਟੀ ਦੀ ਹਿਮਾਚਲ ਵਿਰੋਧੀ ਨੀਤੀਆਂ ਖਿਲਾਫ ਪਾਰਟੀ ਦੇ ਹਿਮਾਚਲ ਪ੍ਰਦੇਸ਼ ਪ੍ਰਧਾਨ ਅਨੂਪ ਕੇਸਰੀ ,ਸੰਗਠਨ ਮਹਾਮੰਤਰੀ ਸਤੀਸ਼ ਠਾਕੁਰ ਅਤੇ ਊਨਾ ਦੇ ਪ੍ਰਧਾਨ ਇਕਬਾਲ ਸਿੰਘ ਦੁਨੀਆ ਦੀ ਸੱਭ ਵੱਡੀ ਸਿਆਸੀ ਪਾਰਟੀ ਭਾਜਪਾ ‘ਚ ਮਾਣਛੋਗ ਕੌਮੀ ਪ੍ਰਧਾਨ ਜੇ.ਪੀ ਨੱਢਾ ਦੀ ਹਾਜ਼ਰੀ ਚ ਸ਼ਾਮਿਲ ਹੋ ਗਏ ਹਨ ।ਤੁਹਾਡਾ ਸਾਰਿਆਂ ਦਾ ਭਾਜਪਾ ਪਾਰਟੀ , ਪਰਿਵਾਰ ਚ ਸਵਾਗਤ ਹੈ ।

ਭਾਰਤੀ ਜਨਤਾ ਪਾਰਟੀ ਦੇ ਇਸ ਮੂਵ ਨੂੰ ‘ਆਪ ਲਈ ਵੱਡੇ ਝਟਕੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ।ਹਿਮਾਚਲ ਜਾ ਕੇ ਪੰਜਾਬ ਮਾਡਲ ਨੂੰ ਅੱਗੇ ਰੱਖ ਅਤੇ ਭਗਵੰਤ ਮਾਨ ਨੂੰ ਬਤੌਰ ਸਟਾਰ ਕੰਪੇਨਰ ਲੈ ਜਾ ਕੇ ਕੇਜਰੀਵਾਲ ਵਲੋਂ ਹਿਮਾਚਲ ਚ ਭਾਜਪਾ ਨੂੰ ਸਖਤ ਮੁਕਾਬਲਾ ਦੇਣ ਦੀ ਤਿਆਰੀ ਸੀ ।ਪੰਜਾਬ ਚ 117 ਸੀਟਾਂ ਵਿੱਚੋਂ 92 ਸੀਟ ਜਿੱਤਣ ਵਾਲੀ ‘ਆਪ’ ਹਿਮਾਚਲ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਆਸਵੰਦ ਹੈ ।ਪਰ ਭਾਜਪਾ ਨੇ ਇੱਕ ਚਾਲ ‘ਚ ਹੀ ‘ਆਪ’ ਨੂੰ ਮਾਤ ਦੇਣ ਦੀ ਤਿਆਰੀ ਸਾਬਿਤ ਕਰ ਦਿੱਤੀ ਹੈ ।