Suryakumar Yadav ਦਾ ਨਵਾਂ ਕਾਰਨਾਮਾ, Sachin Tendulkar ਦੀ ਬਰਾਬਰੀ

ਮੁੰਬਈ ਇੰਡੀਅਨਜ਼ ਨੂੰ IPL-2022 ‘ਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤੋਂ ਬਾਅਦ ਇਹ ਟੀਮ ਅੰਕ ਸੂਚੀ ‘ਚ 9ਵੇਂ ਸਥਾਨ ‘ਤੇ ਪਹੁੰਚ ਗਈ ਹੈ। 9 ਅਪ੍ਰੈਲ ਨੂੰ ਪੁਣੇ ‘ਚ ਖੇਡੇ ਗਏ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਮੁੰਬਈ ਇੰਡੀਅਨਜ਼ (MI) ਨੂੰ 7 ਵਿਕਟਾਂ ਨਾਲ ਹਰਾਇਆ। ਮੁੰਬਈ ਦੀ ਟੀਮ ਨੂੰ ਭਾਵੇਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ।

ਸੂਰਿਆਕੁਮਾਰ ਯਾਦਵ ਨੇ ਆਰਸੀਬੀ ਖ਼ਿਲਾਫ਼ 37 ਗੇਂਦਾਂ ਵਿੱਚ 6 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ 68 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਨੇ ਆਈਪੀਐਲ ਵਿੱਚ 50 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸਚਿਨ ਤੇਂਦੁਲਕਰ ਅਤੇ ਅੰਬਾਤੀ ਰਾਇਡੂ ਦੀ ਬਰਾਬਰੀ ਕਰ ਲਈ ਹੈ।

ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਆਪਣੇ ਕਰੀਅਰ ‘ਚ 14-14 ਵਾਰ ਇਹ ਕਾਰਨਾਮਾ ਕੀਤਾ ਹੈ, ਜਦਕਿ ਇਸ ਮਾਮਲੇ ‘ਚ ਰੋਹਿਤ ਸ਼ਰਮਾ ਚੋਟੀ ‘ਤੇ ਹਨ, ਜਿਨ੍ਹਾਂ ਨੇ 33 ਵਾਰ ਆਈਪੀਐੱਲ ‘ਚ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਕੀਰੋਨ ਪੋਲਾਰਡ ਨੇ 16 ਵਾਰ ਅਜਿਹਾ ਕੀਤਾ ਹੈ।

ਆਈਪੀਐਲ ਵਿੱਚ 50 ਜਾਂ ਇਸ ਤੋਂ ਵੱਧ ਦੌੜਾਂ ਦੀਆਂ ਸਭ ਤੋਂ ਵੱਧ ਪਾਰੀਆਂ:
33 – ਰੋਹਿਤ ਸ਼ਰਮਾ

16 – ਕੀਰੋਨ ਪੋਲਾਰਡ

14- ਸੂਰਿਆਕੁਮਾਰ ਯਾਦਵ

14- ਸਚਿਨ ਤੇਂਦੁਲਕਰ

14- ਅੰਬਾਤੀ ਰਾਇਡੂ

ਸੂਰਿਆਕੁਮਾਰ ਯਾਦਵ ਦੇ ਅਰਧ ਸੈਂਕੜੇ ਨਾਲ ਮੁੰਬਈ ਨੇ 151 ਦੌੜਾਂ ਬਣਾਈਆਂ
ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ 6 ਵਿਕਟਾਂ ਦੇ ਨੁਕਸਾਨ ‘ਤੇ 151 ਦੌੜਾਂ ਬਣਾਈਆਂ। ਮੁੰਬਈ ਲਈ ਸੂਰਿਆਕੁਮਾਰ ਯਾਦਵ ਨੇ 68 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ, ਜਦਕਿ ਈਸ਼ਾਨ ਕਿਸ਼ਨ-ਰੋਹਿਤ ਸ਼ਰਮਾ ਨੇ 26-26 ਦੌੜਾਂ ਬਣਾਈਆਂ। ਵਿਰੋਧੀ ਟੀਮ ਲਈ ਵਨਿੰਦੂ ਹਸਾਰੰਗਾ ਅਤੇ ਹਰਸ਼ਲ ਪਟੇਲ ਨੇ 2-2 ਵਿਕਟਾਂ ਲਈਆਂ।

ਅਨੁਜ ਰਾਵਤ ਦੇ ਦਮ ‘ਤੇ RCB ਦੀ ਸ਼ਾਨਦਾਰ ਜਿੱਤ
ਜਵਾਬ ਵਿੱਚ ਆਰਸੀਬੀ ਨੇ 18.3 ਓਵਰਾਂ ਵਿੱਚ ਹੀ ਜਿੱਤ ਦਰਜ ਕੀਤੀ। ਅਨੁਜ ਰਾਵਤ ਨੇ ਦੋ ਸ਼ਾਨਦਾਰ ਸਾਂਝੇਦਾਰੀ ਕਰਦੇ ਹੋਏ 47 ਗੇਂਦਾਂ ‘ਚ 8 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ ਨੇ 48 ਦੌੜਾਂ ਦੀ ਪਾਰੀ ਖੇਡੀ। ਮੁੰਬਈ ਲਈ ਜੈਦੇਵ ਉਨਾਦਕਟ ਅਤੇ ਡੇਵਾਲਡ ਬ੍ਰੇਵਿਸ ਨੇ 1-1 ਵਿਕਟ ਲਈ।