ਜਲੰਧਰ- ਸਾਬਕਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੇ ਤੇਵਰ ਬਰਕਰਾਰ ਹਨ ।ਦਿਨ ਭਰ ਸਿਆਸੀ ਹਲਕਿਆਂ ਚ ਜਾਖੜ ਦੇ ਅਨੁਸ਼ਾਸਨ ਕਮੇਟੀ ਨੂੰ ਜਵਾਬ ਦੇਣ ‘ਤੇ ਚਰਚਾ ਚਲਦੀ ਰਹੀ । ਪਰ ਕੋਈ ਖਬਰ ਬਾਹਰ ਨਹੀਂ ਆਈ । ਇਹ ਵੀ ਗੱਲ ਹੁੰਦੀ ਰਹੀ ਕਿ ਜਾਖੜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ ।ਇਨ੍ਹਾਂ ਸਾਰੀਆਂ ਕਿਆਸ ਅਰਾਈਆਂ ਦੇ ਵਿਚਕਾਰ ਜਾਖੜ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ । ਪੋਸਟ ਚ ਉਨ੍ਹਾਂ ਵੱਖ ਵੱਖ ਮੀਡੀਆ ਅਦਾਰਿਆਂ ਵਲੋਂ ਜਾਖੜ ਦੇ ਸਬੰਧ ਚ ਛਾਪੀ ਗਈ ਖਬਰਾਂ ਦੀ ਕਟਿੰਗ ਨੂੰ ਪੇਸ਼ ਕੀਤਾ ਹੈ । ਇਨ੍ਹਾਂ ਖਬਰਾਂ ਦੇ ਅਧਾਰ ‘ਤੇ ਹੀ ਜਾਖੜ ਨੇ ਆਪਣਾ ਸਟੈਂਡ ਲੋਕਾਂ ਅੱਗੇ ਰਖਿਆ ਹੈ । ਜਾਖੜ ਕਹਿ ਰਹੇ ਹਨ ਕਿ ਉਹ ਹਾਈਕਮਾਨ ਅੱਗੇ ਝੁੱਕਣਗੇ ਨਹੀਂ ।
ਟਕਸਾਲੀ ਕਾਂਗਰਸੀ ਨੇਤਾਵਾਂ ਮੁਤਾਬਿਕ ਜੀ-23 ਖਿਲਾਫ ਬੋਲ ਕੇ ਕਾਂਗਰਸ ਹਾਈਕਮਾਨ ਦਾ ਪੱਖ ਲੈਣਾ ਵੀ ਜਾਖੜ ਨੂੰ ਰਾਸ ਨਹੀਂ ਆਇਆ । ਜਾਖੜ ਪਿਛਲੇ ਲੰਮੇ ਸਮੇਂ ਤੋਂ ਯੂ ਟਰਨ ਲੈ ਕੇ ਬਿਆਨਬਾਜੀ ਕਰਦੇ ਆ ਰਹੇ ਹਨ । ਪੰਜਾਬ ਚ ਸੱਤਾ ਦੀ ਕੁਰਸੀ ਨਾ ਮਿਲਣ ‘ਤੇ ਜਿੱਥੇ ਉਨ੍ਹਾਂ ਲੋਕਲ ਅਤੇ ਦਿੱਲੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਸਨ । ਉੱਥੇ ਬਾਅਦ ਚ ਉਨ੍ਹਾਂ ਯੂ ਟਰਨ ਲੈ ਕੇਂਦਰੀ ਟੀਮ ਦਾ ਗੁਣਗਾਨ ਵੀ ਕੀਤਾ । ਸੂਤਰ ਦੱਸਦੇ ਹਨ ਕਿ ਇਹ ਸੱਭ ਤਾਂ ਠੀਕ ਸੀ ਪਰ ਰਾਹੁਲ ਗਾਂਧੀ ਦੀ ਪਸੰਦ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੈ ਕੇ ਗੱਲ ਕਰਦੇ ਸਮੇਂ ਦਲਿਤਾਂ ਲਈ ਵਰਤੀ ਸ਼ਬਦਾਵਲੀ ਗਾਂਧੀ ਪਰਿਵਾਰ ਨੂੰ ਵੀ ਨਾਰਾਜ਼ ਕਰ ਗਈ । ਜਾਖੜ ਹੁਣ ਆਪਣੇ ‘ਤੇ ਹੋ ਰਹੀ ਜਵਾਬਦੇਹੀ ਲਈ ਵੀ ਪੰਜਾਬ ਦੀ ਉਸੇ ਕੇਂਦਰੀ ਮਹਿਲਾ ਨੇਤਾ ਨੂੰ ਹੀ ਜ਼ਿੰਮੇਵਾਰ ਮੰਨ ਰਹੇ ਸਨ ,ਜਿਨ੍ਹਾਂ ਕਾਰਣ ਉਨ੍ਹਾਂ ਨੂੰ ਮੁੱਖ ਮੰਤਰੀ ਬਨਾਉਣ ਤੋਂ ਰੋਕ ਲਿਆ ਗਿਆ ਸੀ ।
ਸੂਤਰਾਂ ਮੁਤਾਬਿਕ ਜੀ-23 ਖਿਲਾਫ ਬੋਲ ਕੇ ‘ਤੇ ਹੁਣ ਪਾਰਟੀ ਹਾਈਕਮਾਨ ਦੀ ਨਜ਼ਰਾਂ ਚ ਆ ਕੇ ਜਾਖੜ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰ ਰਹੇ ਹਨ । ਓਧਰ ਕਾਂਗਰਸ ਹਾਈਕਮਾਨ ਵੀ ਜਾਖੜ ਨੂੰ ਮਨਾਉਣ ਦੀ ਥਾਂ ਨਵਜੋਤ ਸਿੱਧੂ ਨੂੰ ਮਨਾਉਣ ਚ ਹੀ ਜ਼ਿਆਦਾ ਗੰਭੀਰਤਾ ਦਿਖਾ ਰਹੀ ਹੈ । ਇਹੋ ਕਾਰਣ ਹਹੈ ਕਿ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹਹੈ । ਕੁੱਲ ਮਿਲਾ ਕੇ ਕਾਂਗਰਸ ਚਰਚਾ ਚ ਤਾਂ ਹੈ ਪਰ ਇਨ੍ਹਾਂ ਕਾਰਣਾ ਕਰਕੇ ਸੱਤਾ ਚ ਵੀ ਨਹੀਂ ਹੈ ।