ਜਲੰਧਰ- ਭਾਰਤ ‘ਚ ਜਿੱਤ ਦੀ ਗਾਰੰਟੀ ਮੰਨੇ ਜਾਂਦੇ ਸਿਆਸੀ ਰਣਨੀਤੀਕਾਰ ਪੀ.ਕੇ ਯਾਨੀ ਕਿ ਪ੍ਰਸ਼ਾਂਤ ਕਿਸ਼ੋਰ ਹੁਣ ਕਿਸੇ ਲਈ ਨਹੀਂ ਬਲਕਿ ਆਪਣੀ ਜਿੱਤ ਪੱਕੀ ਕਰਨ ਲਈ ਸਿਆਸਤ ਦੇ ਮੈਦਾਨ ਚ ਉਤਰ ਰਹੇ ਹਨ ।ਇਸਦਾ ਖੁਲਾਸਾ ਉਨ੍ਹਾਂ ਸੋਸ਼ਲ ਮੀਡੀਆ ‘ਤੇ ਪਾਈ ਇਕ ਪੋਸਟ ਰਾਹੀਂ ਕੀਤਾ ਹੈ ।ਆਪਣੇ ਸਿਆਸੀ ਸਫਤ ਦੀ ਸ਼ੁਰੂਆਤ ਉਨ੍ਹਾਂ ਬਿਹਾਰ ਤੋਂ ਕਰਨ ਦਾ ਫੈਸਲਾ ਕੀਤਾ ਹੈ ।
ਪੀ.ਕੇ ਦਾ ਕਹਿਣਾ ਹੈ ਕਿ ਲੋਕਤੰਤਰ ਚ ਆਪਣਾ ਸਹਿਯੋਗ ਦੇਣ ਲਈ ਮੇਰੀ ਖੋਜ਼ ਅਤੇ ਲੋਕਾਂ ਨੂੰ ਲੋਕ ਹਿੱਤ ਰਾਜ ਦੇਣ ਲਈ ਪਿਛਲੇ ਦਸ ਸਾਲਾਂ ਤੋਂ ਕੀਤੀ ਨੱਠ ਭੱਜ ਤੋਂ ਬਾਅਦ ਹੁਣ ਮੈਂ ਫੈਸਲਾ ਕੀਤਾ ਹੈ ਕਿ ਲੋਕਾਂ ਨੂੰ ‘ਜਨ-ਸੁਰਾਜ’ ਦੇਣ ਲਈ ਆਪ ਅੱਗੇ ਆਇਆ ਜਾਵੇ । ਸ਼ੁਰੂਆਤ ਬਿਹਾਰ ਤੋਂ …
ਪਿਛਲੇ ਹਫਤੇ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਚ ਜਾਣ ਦੀਆਂ ਚਰਚਾਵਾਂ ਸਨ ।ਪ੍ਰਸ਼ਾਂਤ ਵਲੋਂ ਇਸ’ਤੇ ਇਨਕਾਰ ਕਰਨਾ ,ਫਿਰ ਇਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਨਾ ,ਇਨ੍ਹਾਂ ਹੀ ਨਹੀਂ ਕਾਂਗਰਸ ਨੂੰ ਛੱਡਣ ਦੇ ਮੁੱਦੇ ‘ਤੇ ਵੱਖ ਵੱਖ ਚੈਨਲਾਂ ਨੂੰ ਦਿੱਤੇ ਗਏ ਇੰਟਰਵਿਊ ਪਹਿਲਾਂ ਤੋਂ ਹੀ ਸ਼ੱਕ ਪੈਦਾ ਕਰ ਰਹੇ ਸਨ ।ਪੰਜਾਬ ਤੋਂ ਕਾਂਗਰਸੀ ਨੇਤਾ ਨਵਜੋਤ ਸਿੱਧੂ ਵਲੋਂ ਉਨ੍ਹਾਂ ਨਾਲ ਫੋਟੋ ਸ਼ੇਅਰ ਕਰ ਉਨ੍ਹਾਂ ਨੂੰ ਪੁਰਾਣੀ ਸੋਨਾ ਓਲਡ ਗੋਲਡ ਕਹਿਣ ਨਾਲ ਵੀ ਇਥੇ ਚਰਚਾਵਾਂ ਦੇ ਬਾਜ਼ਾਰ ਗਰਮ ਹੋ ਗਏ ਸਨ ।ਖਬਰ ਇਹ ਸੀ ਕਿ ਸਿੱਧੂ ਪ੍ਰਸ਼ਾਂਤ ਕਿਸ਼ੋਰ ਦੇ ਸਹਾਰੇ ਨਵੀਂ ਸਿਆਸੀ ਪਾਰਟੀ ਬਣਾ ਕੇ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ ।ਪੀ.ਕੇ ਦੀ ਇਸ ਪੋਸਟ ਨੇ ਇਨ੍ਹਾਂ ਸਾਰੀਆਂ ਚਰਚਾਵਾਂ ਨੂੰ ਮਜ਼ਬੂਤੀ ਦੇ ਕੇ ਹੋਰ ਨਵੀਂਆਂ ਚਰਚਾਵਾਂ ਛੇੜ ਦਿੱਤੀਆਂ ਹਨ ।