ਬੱਗਾ ਪਰਤਿਆ ਦਿੱਲੀ, ਹਾਈਕੋਰਟ ਨੇ ਦਿੱਤਾ ਪੰਜਾਬ ਸਰਕਾਰ ਨੂੰ ਝਟਕਾ

ਚੰਡੀਗੜ੍ਹ- ਭਾਜਪਾ ਨੇਤਾ ਤਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਸਾਰਾ ਦਿਨ ਚੱਲੇ ਕਨੂੰਨੀ ਡ੍ਰਾਮੇ ਦਾ ਅੰਤ ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤਾ ਹੈ । ਵੈਸੇ ਤਾਂ ਕੱਲ੍ਹ ਸ਼ਨੀਵਾਰ ਨੂੰ ਇਸ ਮਾਮਲੇ ‘ਤੇ ਮੁੜ ਤੋਂ ਸੁਣਵਾਈ ਹੋਣੀ ਹੈ ,ਪਰ ਮੋਟਾ ਮੋਟਾ ਸਮਝਨ ਨੂੰ ਇਹ ਹੈ ਕਿ ਬੱਗਾ ਨੂੰ ਦਿੱਲੀ ਪੁਲਿਸ ਵਾਪਿਸ ਲੈ ਗਈ ਹੈ ।ਪੰਜਾਬ ਪੁਲਿਸ ਫਿਲਹਾਲ ਖਾਲੀ ਹੱਥ ਬੈਠੀ ਹੈ ।

ਪੰਜਾਬ ਸਰਕਾਰ ਵਲੋਂ ਅਟਾਰਨੀ ਜਨਰਲ ਅਨਮੋਲ ਰਤਨ ਸਿੱਧੂ ਹਾਈਕੋਰਟ ਚ ਪੇਸ਼ ਹੋਏ।ਪਟੀਸ਼ਨ ਪੰਜਾਬ ਸਰਕਾਰ ਵਲੋਂ ਪਾਈ ਗਈ ਸੀ । ਮੁੱਦਾ ਸੀ ਬੱਗਾ ਨੂੰ ਗ੍ਰਿਫਤਾਰ ਕਰਨ ਗਈ ਟੀਮ ਦੇ ਇਕ ਅਫਸਰ ਨੂੰ ਦਿੱਲੀ ਪੁਲਿਸ ਵਲੋਂ ਡਿਟੇਨ ਕਰਨਾ ।ਹਰਿਆਣਾ , ਦਿੱਲੀ ਅਤੇ ਪੰਜਾਬ ਦੇ ਵਕੀਲਾਂ ਨੇ ਕੋਰਟ ਚ ਆਪਣਾ ਪੱਖ ਰਖਿਆ ।ਪੰਜਾਬ ਦਾ ਤਰਕ ਸੀ ਕਿ ਹਰਿਆਣਾ ਅਤੇ ਦਿੱਲੀ ਵਲੋਂ ਪੁਲਿਸ ਕਾਰਵਾਈ ਚ ਦਖਲ ਦਿੱਤਾ ਗਿਆ ਹੈ । ਇਕ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਓਧਰ ਬੱਗਾ ਦੇ ਵਕੀਲ ਚੇਤਨ ਮਿੱਤਲ ਨੇ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਇਕ ਖਤਰਨਾਕ ਅੱਤਵਾਦੀ ਵਾਲੀ ਕਾਰਵਾਈ ਦੱਸਿਆ ।ਹਾਈਕੋਰਟ ਨੇ ਹਰਿਆਣਾ ਅਤੇ ਦਿੱਲੀ ਨੂੰ ਆਪਣਾ ਜਵਾਬ ਦਾਖਿਲ ਕਰਨ ਲਈ ਕਿਹਾ ਹੈ ।ਪਤਾ ਚੱਲਿਆ ਹੈ ਕਿ ਹਾਈਕੋਰਟ ਦੇ ਜੱਜ ਛੁੱਟੀ ‘ਤੇ ਚਲੇ ਗਏ ਹਨ ਸੋ ਇਹ ਸੁਣਵਾਈ ਹੁਣ ਮੰਗਲਵਾਰ ਤੱਕ ਜਾ ਸਕਦੀ ਹੈ ।