ਪੰਜਾਬ- ਦਿੱਲੀ ਚ ਬਦਲਿਆ ਮੌਸਮ , ਹਿਮਾਚਲ ‘ਚ ਹੋਈ ਬਰਫਬਾਰੀ

ਜਲੰਧਰ- ਰਾਸ਼ਟਰੀ ਰਾਜਧਾਨੀ ਦਿੱਲੀ , ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਸੋਮਵਾਰ ਸਵੇਰੇ ਮੌਸਮ ਬਦਲ ਗਿਆ। ਦਿੱਲੀ ‘ਚ ਤੇਜ਼ ਹਵਾਵਾਂ ਅਤੇ ਹਨੇਰੀ ਦੇ ਨਾਲ ਮੀਂਹ ਪੈਣ ਕਾਰਨ ਲੋਕਾਂ ਨੇ ਕੜਾਕੇ ਦੀ ਗਰਮੀ ਤੋਂ ਰਾਹਤ ਦਾ ਸਾਹ ਲਿਆ ਹੈ। ਤਾਪਮਾਨ 11 ਡਿਗਰੀ ਤਕ ਡਿੱਗ ਗਿਆ ਹੈ। ਮੌਸਮ ਵਿਭਾਗ (IMD) ਨੇ ਪੂਰਵ ਅਨੁਮਾਨ ਲਗਾਇਆ ਹੈ ਕਿ ਸੋਮਵਾਰ ਨੂੰ ਦਿਨ ਭਰ ਬਾਰਿਸ਼ ਜਾਰੀ ਰਹਿ ਸਕਦੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਲੋਕ ਲੋੜ ਪੈਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ। ਰੁੱਖਾਂ ਦੇ ਹੇਠਾਂ ਪਨਾਹ ਨਾ ਲਓ. ਇਸ ਦੇ ਨਾਲ ਹੀ ਮੌਸਮ ਦੇ ਖ਼ਰਾਬ ਹੋਣ ਕਾਰਨ ਸੜਕੀ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਕਰੀਬ 40 ਫਲਾਈਟਾਂ ਨੂੰ ਡਾਇਵਰਟ ਕਰਨਾ ਪਿਆ। ਸਵੇਰੇ ਦਫ਼ਤਰ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਰ ਪਾਸੇ ਟਰੈਫਿਕ ਜਾਮ ਸੀ।

ਪੰਜਾਬ ‘ਚ ਬੀਤੀ ਰਾਤ ਪਏ ਮੀਂਹ ਨੇ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਚੰਡੀਗੜ੍ਹ ਤੇ ਮੁਹਾਲੀ ਨਾਲ ਲੱਗਦੇ ਇਲਾਕਿਆਂ ਵਿੱਚ ਠੰਢੀਆਂ ਹਵਾਵਾਂ ਤੇ ਮੀਂਹ ਨੇ ਅੱਜ ਸਵੇਰੇ ਸ਼ਿਮਲੇ ਦਾ ਅਹਿਸਾਸ ਕਰਵਾਇਆ। ਮੌਸਮ ਵਿਭਾਗ ਮੁਤਾਬਕ ਐਤਵਾਰ ਦੇਰ ਰਾਤ ਪੰਜਾਬ ਭਰ ਵਿੱਚ ਮੀਂਹ ਪਿਆ। ਭਾਵੇਂ ਥੋੜ੍ਹੇ ਸਮੇਂ ਲਈ ਮੀਂਹ ਪਿਆ ਪਰ ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਅੱਜ ਵੀ ਆਸਮਾਨ ਵਿੱਚ ਬੱਦਲ ਛਾਏ ਰਹਿਣ ਤੇ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ।

ਮੀਂਹ ਤੋਂ ਬਾਅਦ ਸਵੇਰੇ ਤਾਪਮਾਨ ‘ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਤਾਪਮਾਨ 30-31 ਡਿਗਰੀ ਸੈਲਸੀਅਸ ਤੋਂ ਸਿੱਧਾ 25 ਤੇ 25 ਡਿਗਰੀ ਸੈਲਸੀਅਸ ‘ਤੇ ਆ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਭਰ ਆਸਮਾਨ ਵਿੱਚ ਬੱਦਲ ਛਾਏ ਰਹਿਣਗੇ ਤੇ ਦੁਪਹਿਰ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੱਕ ਚਲਾ ਜਾਵੇਗਾ। ਮੀਂਹ ਕਾਰਨ ਤਾਪਮਾਨ 8 ਡਿਗਰੀ ਤੱਕ ਡਿੱਗ ਗਿਆ ਹੈ।