ਨਵੀਂ ਦਿੱਲੀ- ਭਾਰਤੀ ਚੋਣ ਕਮੀਸ਼ਨ ਨੇ ਦੇਸ਼ ਭਰ ‘ਚ ਹੋਣ ਵਾਲੀਆਂ ਜ਼ਿਮਣੀ ਚੋਣਾ ਲਈ ਐਲਾਨ ਕਰ ਦਿੱਤਾ ਹੈ । 23 ਜੂਨ ਨੂੰ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਚ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਲਈ ਜ਼ਿਮਣੀ ਚੋਣ ਕਰਵਾਏ ਜਾਣਗੇ ।
ਸੰਗਰੂਰ ਲੋਕਸਭਾ ਜ਼ਿਮਨੀ ਚੋਣ ਦਾ ਐਲਾਨ ਹੋ ਗਿਆ ਹੈ । 23 ਜੂਨ ਨੂੰ ਵੋਟਿੰਗ ਹੋਵੇਗੀ ਅਤੇ 26 ਜੂਨ ਨੂੰ ਨਤੀਜਾ ਐਲਾਨਿਆ ਆਵੇਗਾ। 30 ਮਈ ਤੋਂ 6 ਜੂਨ ਤੱਕ ਭਰੀਆਂ ਨਾਮਜ਼ਦਗੀਆਂ ਜਾਣਗੀਆਂ। ਸੰਗਰੂਰ ਸੀਟ ਤੋਂ ਭਗਵੰਤ ਮਾਨ ਲੋਕ ਸਭਾ ਮੈਂਬਰ ਸਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਦੀ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਬਣਨ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਦਿੱਲੀ ਦੇ ਰਾਜਿੰਦਰ ਨਗਰ ਵਿਧਾਨ ਸਭਾ ਲਈ ਵੀ 23 ਜੂਨ ਨੂੰ ਵੋਟਿੰਗ ਹੋਵੇਗੀ। ਇਹ ਸੀਟ ਰਾਘਵ ਚੱਢਾ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀ। ਹੋਰਨਾਂ ਅਸੈਂਬਲੀ ਸੀਟਾਂ, ਜਿੱਥੇ ਜ਼ਿਮਨੀ ਚੋਣ ਹੋਣੀ ਹੈ, ਵਿੱਚ ਝਾਰਖੰਡ ਦੀ ਮੰਦਰ, ਆਂਧਰਾ ਪ੍ਰਦੇਸ਼ ਦੇ ਆਤਮਾਕੁਰ ਅਤੇ ਤ੍ਰਿਪੁਰਾ ਦੀਆਂ ਅਗਰਤਲਾ, ਟਾਊਨ ਬੋਰਡੋਵਾਲੀ, ਸੁਰਮਾ ਤੇ ਜੁਬਰਾਜਨਗਰ ਸ਼ਾਮਲ ਹਨ । ਭਾਰਤੀ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸੰਗਰੂਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ 23 ਜੂਨ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤਣ ਤੋਂ ਬਾਅਦ ਜ਼ਿਮਨੀ ਚੋਣ ਕਰਵਾਉਣੀ ਪੈ ਰਹੀ ਹੈ। ਉਪ ਚੋਣ ਲਈ ਗਜ਼ਟ ਨੋਟੀਫਿਕੇਸ਼ਨ 30 ਮਈ ਨੂੰ ਜਾਰੀ ਕੀਤਾ ਜਾਵੇਗਾ, ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 6 ਜੂਨ, ਕਾਗਜ਼ਾਂ ਦੀ ਪੜਤਾਲ 7 ਜੂਨ ਅਤੇ ਕਾਗਜ਼ ਵਾਪਸ ਲੈਣ ਦੀ ਆਖਰੀ ਮਿਤੀ 9 ਜੂਨ ਹੈ। ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ।
ਸੰਗਰੂਰ ਸੀਟ ਨੂੰ ਲੈ ਕੇ ਪੰਜਾਬ ਚ ਸਿਆਸੀ ਮਾਹੌਲ ਭਖਿਆ ਹੋਇਆ ਹੈ । ਸੱਤਾਧਾਰੀ ਪਾਰਟੀ ‘ਆਪ’ ਦੀ ਪੱਕੀ ਸੀਟ ਅਤੇ ਮੁੱਖ ਮੰਤਰੀ ਦਾ ਗੜ੍ਹ ਸੰਗਰੂਰ ਹਲਕੇ ਲਈ ‘ਆਪ’ ਚ ਲਾਬਿੰਗ ਸ਼ੁਰੂ ਹੋ ਗਈ ਹੈ । ਵੀਰਵਾਰ ਨੂੰ ਭਗਵੰਤ ਮਾਨ ਦਿੱਲੀ ਜਾ ਰਹੇ ਨੇ । ਸੂਤਰਾਂ ਮੁਤਾਬਿਕ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਸੀ.ਐੱਮ ਮਾਨ ਇਸ ‘ਤੇ ਚਰਚਾ ਕਰ ਸਕਦੇ ਹਨ ।