ਜਲੰਧਰ- ਆਪਣੇ ਬੇਟੇ ਦੀ ਸੁਰੱਖਿਆ ਨੂੰ ਲੈ ਕੇ ਦੁਹਾਈ ਮੰਗਣ ਵਾਲੇ ਮ੍ਰਿਤਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇਕ ਖਾਸ ਮੰਗ ਕੀਤੀ ਹੈ । ਇਸ ਖਤ ਵਿਚ ਇਨਸਾਫ਼ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ਹੈ ਕਿ ਇਸ ਕੇਸ ਦੀ ਇਨਕੁਆਰੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਪੰਜਾਬ ਸਰਕਾਰ ਇਸ ਇਨਕੁਆਰੀ ਵਿਚ ਸੀਬੀਆਈ ਅਤੇ ਐਨਆਈਏ ਦੇ ਸਹਿਯੋਗ ਨੂੰ ਯਕੀਨੀ ਬਣਾਵੇ।
ਇਸ ਦੇ ਨਾਲ ਹੀ ਉਨ੍ਹਾਂ ਅਫ਼ਸਰਾਂ ਦੀ ਜਵਾਬਦੇਹੀ ਹੋਵੇ ਜਿਨ੍ਹਾਂ ਨੇ ਮੇਰੇ ਪੁੱਤ ਦੀ ਸਕਿਉਰਿਟੀ ਦੀ ਸਮੀਖਿਆ ਕੀਤੀ ਹੈ ਅਤੇ ਸੁਰੱਖਿਆ ਵਾਪਸ ਲੈਣ ਦੇ ਆਰਡਰ ਜਨਤਕ ਕੀਤੇ ਹਨ। ਉਨ੍ਹਾਂ ਇਸ ਪੱਤਰ ਵਿਚ ਕਿਹਾ ਕਿ ਮੇਰੇ ਪੁੱਤ ਨੇ ਮਿਹਨਤ ਸਦਕਾ ਪੰਜਾਬ ਦਾ ਨਾਂ ਦੁਨੀਆ ਭਰ ਵਿਚ ਰੌਸ਼ਨ ਕੀਤਾ ਪਰ ਪੰਜਾਬ ਦੇ ਡੀਜੀਪੀ ਨੇ ਉਸ ਦਾ ਨਾਂ ਗੈਂਗਵਾਰ ਨਾਲ ਜੋਡ਼ ਦਿੱਤਾ। ਇਸ ਲਈ ਡੀਜੀਪੀ ਪੰਜਾਬ ਜਨਤਕ ਤੌਰ ’ਤੇ ਮਾਫੀ ਮੰਗਣ।
ਮੈਂ ਉਮੀਦ ਕਰਦਾ ਹਾਂ ਕਿ ਮੇਰੇ ਪੁੱਤ ਦੀ ਮੌਤ ਦਾ ਇਨਸਾਫ਼ ਜਲਦ ਮਿਲੇਗਾ ਤੇ ਕਾਤਲ ਜਲਦ ਤੋਂ ਜਲਦ ਫੜੇ ਜਾਣਗੇ।
ਇਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਵਾਈ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਾਂਚ ਵਿਚ ਪੂਰਾ ਸਹਿਯੋਗ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀਜੀਪੀ ਦੇ ਕੱਲ੍ਹ ਵਾਲੇ ਬਿਆਨ ’ਤੇ ਸਪਸ਼ਟੀਕਰਨ ਮੰਗਿਆ ਹੈ ਅਤੇ ਸੁਰੱਖਿਆ ਘਟਾਉਣ ਦੇ ਫੈਸਲੇ ’ਤੇ ਵੀ ਜਾਂਚ ਦੇ ਹੁਕਮ ਦਿੱਤੇ ਹਨ।