ਚੰਡੀਗੜ੍ਹ- ਸਿੱਧੂ ਮੂਸੇਵਾਲਾ ਮਰਡਰ ਕੇਸ ਦੀ ਜਾਂਚ ਕਰ ਰਹੀ ਪੁਲਿਸ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ । ਇਸ ਮਾਮਲੇ ‘ਚ ਮੋਗਾ ਪੁਲਿਸ ਨੇ ਸੀਆਈਏ ਦੀ ਮਦਦ ਨਾਲ ਹਰਿਆਣਾ ਦੇ ਫਤੇਹਾਬਾਦ ਤੋਂ ਇਕ ਹੋਰ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜਿਆ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਤ ਦਵਿੰਦਰ ਉਰਫ਼ ਕਾਲਾ ਦੱਸਿਆ ਜਾ ਰਿਹਾ ਹੈ। ਸੀਆਈਏ ਸਟਾਫ ਪੁਲਿਸ ਐਤਵਾਰ ਰਾਤ ਦਵਿੰਦਰ ਕਾਲਾ ਨੂੰ ਗ੍ਰਿਫ਼ਤਾਰ ਕਰ ਕੇ ਮੋਗਾ ਲਿਆਈ ਹੈ। ਮੂਸੇਵਾਲਾ ਹੱਤਿਆਕਾਂਡ ‘ਚ ਫਤੇਹਾਬਾਦ ਤੋਂ ਤੀਸਰੇ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ। ਇਸ ਤੋਂ ਪਹਿਲਾਂ ਪੁਲਿਸ ਇੱਥੋਂ ਹੀ ਬਿਸ਼ਨੋਈ ਗੈਂਗ ਦੇ ਗੁਰਗਿਆਂ ਪਵਨ ਤੇ ਨਸੀਬ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਹੀ ਕਾਲਾ ਨੂੰ ਫੜਿਆ ਗਿਆ ਹੈ। ਇਨ੍ਹਾਂ ਦਾ ਸਿੱਧਾ ਕੁਨੈਕਸ਼ਨ ਸਿੱਧੂ ਮੂਸੇਵਾਲਾ ਹੱਤਿਆਕਾਂਡ ਨਾਲ ਸਾਹਮਣੇ ਆ ਰਿਹਾ ਹੈ।
ਪਵਨ ਬਿਸ਼ਨੋਈ ਤੇ ਨਸੀਬ ਖ਼ਾਨ ਦੋਵੇਂ ਹੀ ਮੋਗਾ ‘ਚ ਅਪ੍ਰੈਲ ਮਹੀਨੇ ਹੋਏ ਪਿੰਟਾ ਹੱਤਿਆਕਾਂਡ ‘ਚ ਲੋੜੀਂਦੇ ਸਨ। ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ‘ਚ ਇਸ ਗੱਲ ਦੇ ਸੰਕੇਤ ਮਿਲੇ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ ‘ਚ ਜਿਹੜੀ ਬਲੈਰੋ ਦੀ ਵਰਤੋਂ ਹੋਈ ਸੀ, ਉਹ ਇਨ੍ਹਾਂ ਦੋਵਾਂ ਨੇ ਮੁਹੱਈਆ ਕਰਵਾਈ ਸੀ। ਮੌਜੂਦਾ ਸਮੇਂ ਦੋਵੇਂ ਰਿਮਾਂਡ ‘ਤੇ ਹਨ। ਰਿਮਾਂਡ ਦੌਰਾਨ ਪੁੱਛਗਿੱਛ ‘ਚ ਸਿੱਧੂ ਮੂਸੇਵਾਲਾ ਦੀ ਹੱਤਿਆ ਨਾਲ ਸੰਬੰਧਤ ਸਾਜ਼ਿਸ਼ ‘ਚ ਸ਼ਾਮਲ ਰਹਿਣ ਵਾਲੇ ਕੁਝ ਲੋਕਾਂ ਦਾ ਪਤਾ ਚੱਲਿਆ। ਉਸੇ ਲੜੀ ਤਹਿਤ ਦਵਿੰਦਰ ਉਰਫ਼ ਕਾਲਾ ਦੀ ਗ੍ਰਿਫ਼ਤਾਰੀ ਹੋਈ ਹੈ। ਜਲਦ ਹੀ ਇਸ ਹੱਤਿਆਕਾਂਡ ਦੇ ਕਈ ਹੋਰ ਰਾਜ ਫਾਸ਼ ਹੋ ਸਕਦੇ ਹਨ।