‘ਆਪ’ ਨੇ ਖਤਮ ਕੀਤਾ ਟਾਂਸਪੋਰਟ ਮਾਫੀਆ , ਦਿੱਲੀ ਏਅਰਪੋਰਟ ਲਈ ਰਵਾਨਾ ਕੀਤੀਆਂ ਵੋਲਵੋ ਬੱਸਾਂ

ਜਲੰਧਰ- ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨੂੰ ਕੀਤਾ ਇਕ ਵੱਡਾ ਵਾਅਦਾ ਪੂਰਾ ਕਰ ਦਿੱਤਾ ਹੈ । ਉਹ ਹੈ ਪੰਜਾਬ ਚ ਨਿੱਜੀ ਟ੍ਰਾਂਸਪੋਰਟ ਮਾਫੀਆ ਦਾ ਖਾਤਮਾ ਕਰਕੇ ।’ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਵਿਖੇ ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਵਾਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਤੋਂ ਬੱਸ ਮਾਫ਼ੀਆ ਦੀ ਲੁੱਟ ਬੰਦ ਹੋ ਜਾਵੇਗੀ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਅਸੀਂ ਵਾਅਦੇ ਕੀਤੇ ਸੀ ਕਿ ਹਰ ਤਰ੍ਹਾਂ ਦੀ ਲੁੱਟ ਰੋਕਾਂਗੇ। ਉਹਨਾਂ ’ਚੋਂ ਇਕ ਲੁੱਟ ਅੱਜ ਬੰਦ ਹੋ ਜਾਵੇਗੀ। ਉਹ ਹੈ ਬੱਸ ਮਾਫ਼ੀਆ ਦੀ ਲੁੱਟ, ਜਿਸ ਨੂੰ ਦੋ-ਦੋ ਤਿੰਨ-ਤਿੰਨ ਸਰਕਾਰਾਂ ਦਾ ਸਮਰਥਨ ਹਾਸਲ ਸੀ।

ਪਿਛਲੀਆਂ ਸਰਕਾਰਾਂ ’ਤੇ ਤੰਜ਼ ਕੱਸਦਿਆਂ ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਜਨਤਾ ਨੂੰ ਲੁੱਟਣ ਵਾਲੇ ਸਨ ਪਰ ਹੁਣ ਜਨਤਾ ਨੂੰ ਪਿਆਰ ਕਰਨ ਵਾਲੇ ਆ ਗਏ ਹਨ। ਇਸ ਮਗਰੋਂ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ‘ਚ ਅੱਜ ਟਰਾਂਸਪੋਰਟ ਮਾਫ਼ੀਆ ਦਾ ਖ਼ਾਤਮਾ ਹੋਇਆ ਹੈ। ਪੰਜਾਬ ਤੋਂ ਦਿੱਲੀ ਦੇ ਹਵਾਈ ਅੱਡੇ ਲਈ ਸਰਕਾਰੀ ਬੱਸਾਂ ਸ਼ੁਰੂ ਕਰਨ ਦਾ ਜੋ ਕੰਮ ਹੁਣ ਤੱਕ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਭਗਵੰਤ ਮਾਨ ਸਰਕਾਰ ਨੇ 3 ਮਹੀਨਿਆਂ ‘ਚ ਕਰ ਦਿਖਾਇਆ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅੱਜ 3 ਮਹੀਨੇ ਪੂਰੇ ਹੋਏ ਹਨ ਤੇ ਇਹਨਾਂ 3 ਮਹੀਨਿਆਂ ਦੌਰਾਨ ਸਰਕਾਰ ਨੇ ਇਤਿਹਾਸਿਕ ਫ਼ੈਸਲੇ ਲਏ ਹਨ, 3 ਮਹੀਨਿਆਂ ‘ਚ 70 ਸਾਲਾਂ ਨਾਲੋਂ ਜ਼ਿਆਦਾ ਕੰਮ ਹੋਏ ਹਨ। ਸੀਐਮ ਭਗਵੰਤ ਮਾਨ ਨੇ ਆਪਣੇ ਹੀ ਮੰਤਰੀ ’ਤੇ ਕਾਰਵਾਈ ਕੀਤੀ ਹੈ। ਇਸ ਮੌਕੇ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੀ ਮੌਜੂਦ ਸਨ। ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਤੱਕ ਦਾ ਵਾਲਵੋ ਬੱਸ ਦਾ ਕਿਰਾਇਆ 1390 ਰੁਪਏ ਹੈ ਜਦਕਿ ਬਾਕੀ ਥਾਵਾਂ ਤੋਂ 1170 ਰੁਪਏ ਕਿਰਾਇਆ ਹੋਵੇਗਾ। ਇਸ ਦੌਰਾਨ ਲੋਕਾਂ ਨੂੰ ਘੱਟ ਕਿਰਾਏ ਦੇ ਨਾਲ-ਨਾਲ ਵਧੀਆ ਸਹੂਲਤਾਂ ਵੀ ਮਿਲਣਗੀਆਂ।