ਕੋਟਕਪੂਰਾ ਗੋਲ਼ੀ ਕਾਂਡ : ਅਦਾਲਤ ‘ਚ ਪੇਸ਼ ਨਹੀਂ ਹੋਣਗੇ ਸਾਬਕਾ ਡੀਜੀਪੀ ਸੈਣੀ, ਮੁਅੱਤਲ ਆਈਜੀਪੀ ਉਮਰਾਨੰਗਲ ਤੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ

ਟੀਵੀ ਪੰਜਾਬ ਬਿਊਰੋ- ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨਾਲ ਸੰਬੰਧਿਤ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਬੀਤੀ 11 ਜੂਨ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਫਰੀਦਕੋਟ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਦਰਖ਼ਾਸਤ ਦੇ ਕੇ ਖਾਸ ਮੰਗ ਕੀਤੀ ਸੀ । ਜਾਂਚ ਟੀਮ ਨੇ ਇਸ ਮਾਮਲੇ ‘ਚ ਨਾਮਜ਼ਦ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ, ਮੁਅੱਤਲ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ।

ਸਿੱਟ ਨੇ ਆਪਣੀ ਮੰਗ ਵਿਚ ਕਿਹਾ ਸੀ ਕਿ ਉਕਤ ਤਿੰਨੋਂ ਨਾਮਜ਼ਦ ਜਾਂਚ ਵਿਚ ਸੱਚ ਛੁਪਾ ਰਹੇ ਹਨ, ਇਸ ਲਈ ਇਨ੍ਹਾਂ ਦਾ ਨਾਰਕੋ ਜਾਂ ਲਾਈਡਿਟੈਕਟਿਵ ਟੈਸਟ ਕਰਵਾਇਆ ਜਾਣਾ ਲਾਜ਼ਮੀ ਹੈ। ਇਸ ‘ਤੇ ਫਰੀਦਕੋਟ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਨੇ ਤਿੰਨਾਂ ਨਾਮਜ਼ਦਾਂ ਨੂੰ 22 ਜੂਨ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਨੋਟਿਸ ਕੀਤਾ ਸੀ, ਪਰ ਅੱਜ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਸਮੇਤ ਤਿੰਨੋਂ ਨਾਮਜ਼ਦ ਅਦਾਲਤ ਵਿਚ ਪੇਸ਼ ਨਹੀਂ ਹੋਣਗੇ। ਸਿਰਫ ਉਨ੍ਹਾਂ ਦੇ ਵਕੀਲ ਹੀ ਪੇਸ਼ ਹੋਣਗੇ। ਵਕੀਲ ਪੇਸ਼ ਹੋ ਕੇ ਰਿਪਲਾਈ ਲਈ ਅਦਾਲਤ ਤੋਂ ਕੁਝ ਦਿਨਾਂ ਦਾ ਸਮਾਂ ਮੰਗ ਸਕਦੇ ਹਨ।