ਚੰਡੀਗੜ੍ਹ- ਸੰਗਰੂਰ ਲੋਕ ਸਭਾ ਜ਼ਿਮਣੀ ਚੋਣ ਚ ਕਰਾਰੀ ਹਾਰ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ।ਪਾਰਟੀ ਸੁਖਬੀਰ ਬਾਦਲ ਦੀ ਅਗਵਾਈ ਹੇਠ ਹੀ ਕੰਮ ਕਰਦੀ ਰਹੇਗੀ । ਅਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਬਿਆਨ ਦੇ ਕੇ ਅਫਵਾਹਾਂ ਨੂੰ ਵਿਰਾਮ ਲਗਾਇਆ ਹੈ ।ਜ਼ਿਕਰਯੋਗ ਹੈ ਕਿ ਪੰਜਾਬ ਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਸੀ ਕਿ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇ ਰਹੇ ਹਨ । ਸੀਨੀਅਰ ਨੇਤਾ ,ਬਾਦਲ ਪਰਿਵਾਰ ਦੇ ਕਰੀਬੀ ਅਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ ।
ਪਾਰਟੀ ਨੂੰ ਪਿਛਲੇ ਸਮੇਂ ਚ ਮਿਲੀ ਹਾਰਾਂ ਨੂੰ ਲੈ ਕੇ ਭੂੰਦੜ ਨੇ ਸੁਖਬੀਰ ਬਾਦਲ ਦਾ ਬਚਾਅ ਕੀਤਾ । ਉਨ੍ਹਾਂ ਕਿਹਾ ਕਿ ਇਹ ਕਿਵੇਂ ਭੁੱਲਿਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਦੀ ਯੋਗ ਅਗਵਾਈ ਹੇਠ ਹੀ ਅਕਾਲੀ ਦਲ ਨੇ ਲਗਾਤਾਰ ਦੋ ਵਾਰ ਪੰਜਾਬ ਦੀ ਸੱਤਾ ਸਾਂਭੀ ।ਚੰਡੀਗੜ੍ਹ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਨੇਤਾਵਾਂ ਨੇ ਕਿਹਾ ਕਿ ਹਾਰ ਅਤੇ ਜਿੱਤ ਦੀ ਜ਼ਿੰਮੇਵਾਰੀ ਸਾਰੀ ਪਾਰਟੀ ਦੀ ਹੁੰਦੀ ਹੈ ।ਉਨ੍ਹਾਂ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਅਫਵਾਹ ਦੱਸਿਆ ਹੈ ।
ਪਾਰਟੀ ਦੇ ਸੀਨੀਅਰ ਨੇਤਾ ਜਗਮੀਤ ਬਰਾੜ ਵਲੋਂ ਸੁਖਬੀਰ ਬਾਦਲ ਦੇ ਅਸਤੀਫੇ ਅਤੇ ਪਾਰਟੀ ਚ ਵੱਡੇ ਪੱਧਰ ਦੇ ਬਦਲਾਅ ਨੂੰ ਸਰਦਾਰ ਭੂੰਦੜ ਨੇ ਉਨ੍ਹਾਂ ਦਾ ਨਿੱਜੀ ਬਿਆਨ ਦੱਸਿਆ ਹੈ ।