ਲੁਧਿਆਣਾ ਸਟੇਸ਼ਨ ’ਤੇ Burning Train ,ਖੜ੍ਹੀ ਟਰੇਨ ਦੇ ਡੱਬੇ ਨੂੰ ਲੱਗੀ ਅੱਗ

ਲੁਧਿਆਣਾ: ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਦੇ ਲੁਧਿਆਣਾ ਸਟੇਸ਼ਨ ‘ਤੇ ਅੱਜ ਸਵੇਰੇ ਪਲੇਟਫਾਰਮ ਨੰਬਰ 4 ‘ਤੇ ਖੜ੍ਹੀ ਇਕ ਯਾਤਰੀ ਰੇਲ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਨੇ ਹਿਸਾਰ ਜਾਣਾ ਸੀ, ਜਿਸ ਦਾ ਸਮਾਂ 3.20 ਹੈ। ਪਲੇਟਫਾਰਮ ਨੰਬਰ 4 ‘ਤੇ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ। ਜਦੋਂ ਪੁਲਿਸ ਨੇ ਭੀੜ ਦੇਖੀ ਤਾਂ ਪਤਾ ਲੱਗਿਆ ਕਿ ਟਰੇਨ ਦੇ ਡੱਬੇ ਨੂੰ ਅੱਗ ਲੱਗੀ ਹੋਈ ਸੀ। ਇਸ ਮਗਰੋਂ ਤੁਰੰਤ ਜੀਆਰਪੀ ਅਤੇ ਆਰਪੀਐਫ ਦੇ ਜਵਾਨ ਅੱਗ ਬੁਝਾਉਣ ਪਹੁੰਚੇ। ਇਸ ਦੇ ਨਾਲ ਹੀ ਸਟੇਸ਼ਨ ‘ਤੇ ਮੌਜੂਦ ਵਿਕਰੇਤਾਵਾਂ ਨੇ ਅੱਗ ‘ਤੇ ਕਾਬੂ ਪਾਉਣ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ। ਅੱਗ ਬੁਝਾਊ ਯੰਤਰਾਂ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।

ਜਾਣਕਾਰੀ ਦਿੰਦਿਆਂ ਡੀਐੱਸਪੀ ਬਲਰਾਮ ਰਾਣਾ ਅਤੇ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਸਾਡੇ ਜਵਾਨ ਅੱਗੇ ਆਏ ਅਤੇ ਪਾਣੀ ਦੀਆਂ ਪਾਈਪਾਂ ਲਗਾ ਕੇ ਰੇਲ ਗੱਡੀ ਦੇ ਡੱਬਿਆਂ ਵਿਚ ਪਾਣੀ ਪਹੁੰਚਾਇਆ ਗਿਆ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਿਸੇ ਵਿਅਕਤੀ ਸਿਗਰਟ ਪੀ ਕੇ ਅੰਦਰ ਸੁੱਟ ਦਿੱਤੀ, ਜਿਸ ਕਾਰਨ ਡੱਬੇ ਨੂੰ ਅੱਗ ਲੱਗ ਗਈ। ਹੁਣ ਹਾਲਾਤ ਆਮ ਹਨ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।