ਲਗਾਤਾਰ ਖ਼ਰਾਬ ਫਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਦੀ ਟੀਮ ‘ਚ ਜਗ੍ਹਾ ਨੂੰ ਲੈ ਕੇ ਭਾਵੇਂ ਹੀ ਟੀਮ ਤੋਂ ਬਾਹਰ ਕਈ ਸਵਾਲ ਖੜ੍ਹੇ ਹੋ ਰਹੇ ਹੋਣ ਪਰ ਉਨ੍ਹਾਂ ਨੂੰ ਟੀਮ ਦੇ ਅੰਦਰ ਕਪਤਾਨ ਅਤੇ ਟੀਮ ਪ੍ਰਬੰਧਨ ਦਾ ਪੂਰਾ ਸਮਰਥਨ ਹੈ। ਜਦੋਂ ਕੋਹਲੀ ਇੰਗਲੈਂਡ ਦੇ ਖਿਲਾਫ ਦੋਨਾਂ ਟੀ-20 ਮੈਚਾਂ ‘ਚ ਫਲਾਪ ਰਹੇ ਤਾਂ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਵੀ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤੇ ਜਾਣ ਦੀ ਗੱਲ ਕਹੀ। ਕਪਿਲ ਨੇ ਕਿਹਾ ਕਿ ਜੇਕਰ ਵਿਰਾਟ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਹਨ ਤਾਂ ਤੁਸੀਂ ਦੀਪਕ ਹੁੱਡਾ ਵਰਗੇ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਨਹੀਂ ਰੱਖ ਸਕਦੇ।
ਪਰ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਵਿਰਾਟ ਦਾ ਪੂਰਾ ਸਮਰਥਨ ਹੈ। ਰੋਹਿਤ ਨੇ ਕਿਹਾ, ‘ਉਹ (ਕਪਿਲ ਦੇਵ) ਬਾਹਰੋਂ ਖੇਡ ਦੇਖ ਰਹੇ ਹਨ ਅਤੇ ਨਹੀਂ ਜਾਣਦੇ ਕਿ ਅੰਦਰ ਕੀ ਹੋ ਰਿਹਾ ਹੈ। ਸਾਡੀ ਆਪਣੀ ਸੋਚਣ ਦੀ ਪ੍ਰਕਿਰਿਆ ਹੈ। ਅਸੀਂ ਆਪਣੀ ਟੀਮ ਬਣਾਈ ਹੈ ਅਤੇ ਇਸ ਦੇ ਪਿੱਛੇ ਕਾਫੀ ਸੋਚ ਹੈ। ਅਸੀਂ ਖਿਡਾਰੀਆਂ ਦਾ ਸਮਰਥਨ ਕਰਦੇ ਹਾਂ ਅਤੇ ਉਨ੍ਹਾਂ ਨੂੰ ਮੌਕੇ ਦਿੰਦੇ ਹਾਂ। ਇਸ ਲਈ ਤੁਸੀਂ ਅਜਿਹੀਆਂ ਚੀਜ਼ਾਂ ਨੂੰ ਬਾਹਰੋਂ ਨਹੀਂ ਜਾਣ ਸਕਦੇ।
ਉਨ੍ਹਾਂ ਕਿਹਾ, ‘ਇਸ ਲਈ ਬਾਹਰ ਜੋ ਕੁਝ ਹੋ ਰਿਹਾ ਹੈ, ਉਹ ਸਾਡੇ ਲਈ ਮਹੱਤਵਪੂਰਨ ਨਹੀਂ ਹੈ। ਪਰ ਅੰਦਰ ਜੋ ਕੁਝ ਹੋ ਰਿਹਾ ਹੈ ਉਹ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਫਾਰਮ ਦੀ ਗੱਲ ਕਰ ਰਹੇ ਹੋ, ਤਾਂ ਹਰ ਕਿਸੇ ਦੇ ਉਤਰਾਅ-ਚੜ੍ਹਾਅ ਹੁੰਦੇ ਹਨ. ਪਰ ਇਸ ਨਾਲ ਖਿਡਾਰੀ ਦੀ ਗੁਣਵੱਤਾ ‘ਤੇ ਕੋਈ ਅਸਰ ਨਹੀਂ ਪੈਂਦਾ। ਇਸ ਲਈ ਸਾਨੂੰ ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿਚ ਰੱਖਣਾ ਚਾਹੀਦਾ ਹੈ।
ਕਪਤਾਨ ਰੋਹਿਤ ਨੇ ਕਿਹਾ, ‘ਜਦੋਂ ਕੋਈ ਖਿਡਾਰੀ ਲਗਾਤਾਰ ਕਈ ਸਾਲਾਂ ਤੱਕ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੁੰਦਾ ਹੈ ਤਾਂ ਇਕ ਜਾਂ ਦੋ ਸੀਰੀਜ਼ ਦੀ ਅਸਫਲਤਾ ਉਸ ਨੂੰ ਬੁਰਾ ਖਿਡਾਰੀ ਨਹੀਂ ਬਣਾਉਂਦੀ। ਸਾਨੂੰ ਉਸ ਦੇ ਪਿਛਲੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਸ ਤੋਂ ਪਹਿਲਾਂ ਕਪਿਲ ਦੇਵ ਨੇ ਕਿਹਾ ਸੀ ਕਿ ਜੇਕਰ ਤੁਸੀਂ ਰਵੀਚੰਦਰਨ ਵਰਗੇ ਆਫ ਸਪਿਨਰ ਨੂੰ ਟੈਸਟ ਟੀਮ ਤੋਂ ਬਾਹਰ ਰੱਖ ਸਕਦੇ ਹੋ ਤਾਂ ਵਿਰਾਟ ਕੋਹਲੀ ਨੂੰ ਬਾਹਰ ਕੀਤਾ ਜਾ ਸਕਦਾ ਹੈ। ਇੰਗਲੈਂਡ ਖਿਲਾਫ ਹਾਲ ਹੀ ‘ਚ ਖਤਮ ਹੋਈ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਅਸ਼ਵਿਨ ਨੂੰ ਇਕ ਵੀ ਮੈਚ ‘ਚ ਮੌਕਾ ਨਹੀਂ ਮਿਲਿਆ।
ਕਪਿਲ ਨੇ ਕਿਹਾ, ‘ਜੇਕਰ ਵਿਸ਼ਵ ਦੇ ਨੰਬਰ 2 ਟੈਸਟ ਗੇਂਦਬਾਜ਼ ਅਸ਼ਵਿਨ ਨੂੰ ਟੈਸਟ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ ਤਾਂ ਤੁਹਾਡੇ ਨੰਬਰ 1 ਬੱਲੇਬਾਜ਼ ਨੂੰ ਵੀ ਬਾਹਰ ਕੀਤਾ ਜਾ ਸਕਦਾ ਹੈ।’