ਰੇਪ ਮਾਮਲਾ : ਅਦਾਲਤ ਨੇ ਵਧਾਇਆ ਸਿਮਰਜੀਤ ਬੈਂਸ ਦਾ ਰਿਮਾਂਡ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਨੇ ਦੋ ਦਿਨ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਵਿਧਾਇਕ ਬੈਂਸ ਨੂੰ ਦੋ ਹੋਰ ਮਾਮਲਿਆਂ ਵਿੱਚ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਵੇਰ ਤੋਂ ਹੀ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿੱਚ ਪੁਲੀਸ ਦੀ ਭਾਰੀ ਤਾਇਨਾਤੀ ਸੀ। ਬੈਂਸ ਸਮਰਥਕਾਂ ਨੇ ਅਦਾਲਤ ਵਿੱਚ ਇਕੱਠੇ ਹੋਣ ਦਾ ਐਲਾਨ ਕੀਤਾ ਸੀ।

ਦੱਸਣਯੋਗ ਹੈ ਕਿ ਇਸ ਦੌਰਾਨ ਕੋਰਟ ਕੰਪਲੈਕਸ ਵਿਚ ਲਿਪ ਵਰਕਰਾਂ ਦਾ ਇਕੱਠ ਕਰਨ ਲਈ ਸਾਬਕਾ ਵਿਧਾਇਕ ਬੈਂਸ ਦੇ ਹਮਾਇਤੀਆਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਆਪਣੇ ਆਗੂ ਦੀ ਫੋਟੋ ਲੱਗੇ ਪੋਸਟਰ ਰਾਹੀਂ ਮੈਸੇਜ ਭੇਜੇ।

ਇਨ੍ਹਾਂ ਪੋਸਟਰਾਂ ’ਤੇ ਲਿਪ ਦੇ ਵਰਕਰਾਂ ਨੇ ਸਾਬਕਾ ਵਿਧਾਇਕ ਦੀ ਫੋਟੋ ਦੇ ਨਾਲ ਨਾਲ ਆਪਣੀ ਫੋਟੋ ਵੀ ਲਾਈ ਸੀ। ਪੋਸਟਰਾਂ ਉੱਪਰ ਲਿਖਿਆ ਸੀ, ‘‘ਮੈਂ ਬੈਂਸ ਦੇ ਨਾਲ ਹਾਂ। 14 ਜੁਲਾਈ ਸਵੇਰੇ 11:30 ਵਜੇ ਅਦਾਲਤ ਵਿਚ ਬੈਂਸ ਦੀ ਪੇਸ਼ੀ ਦਾ ਜ਼ਿਕਰ ਕੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੋਈ ਸੀ ਕਿ 11:30 ਵਜੇ ਕਚਹਿਰੀ ਕੰਪਲੈਕਸ ਵਿਚ ਪਹੁੰਚਣ।

ਕਾਬਿਲੇ ਜ਼ਿਕਰ ਹੈ ਕਿ ਵਿਧਾਇਕ ਰਹੇ ਬੈਂਸ ਨੇ ਸਾਲ ਪੁਰਾਣੇ ਜਬਰ ਜਨਾਹ ਮਾਮਲੇ ਵਿਚ ਆਤਮ ਸਮਰਪਣ ਕਰ ਦਿੱਤਾ ਸੀ ਤੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਸੀ। ਇਨ੍ਹਾਂ ਤਿੰਨ ਦਿਨਾਂ ਵਿਚ ਪੁਲਿਸ ਨੇ ਉਨ੍ਹਾਂ ਤੋਂ ਕੇਸ ਬਾਰੇ ਸਵਾਲ-ਜਵਾਬ ਕੀਤੇ ਤੇ ਔਰਤ ਨਾਲ ਕਾਲਿੰਗ ਤੇ ਚੈਟ ਲਈ ਵਰਤੇ ਗਏ ਮੋਬਾਈਲ ਫੋਨ ਬਰਾਮਦ ਕਰਨ ਦਾ ਯਤਨ ਕੀਤਾ। ਪੁਲਿਸ ਨੂੰ ਉਨ੍ਹਾਂ ਕੋਲੋਂ ਕੁਝ ਨਹੀਂ ਬਰਾਮਦ ਹੋਇਆ ਹੈ।

ਸਾਬਕਾ ਵਿਧਾਇਕ ਵਿਧਾਇਕ ਬੈਂਸ ਵਿਰੁੱਧ ਅਗਸਤ 2020 ਵਿਚ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕੋਰੋਨਾ ਪ੍ਰੋਟੋਕੋਲ ਤੋਡ਼ਦੇ ਹੋਏ ਧਰਨਾ ਮੁਜ਼ਾਹਰਾ ਕਰਨ ’ਤੇ ਅਪਰਾਧਕ ਕੇਸ ਦਰਜ ਕੀਤਾ ਗਿਆ ਸੀ।