ਚੰਡੀਗੜ੍ਹ- ਕੋਰੋਨਾ ਦੀ ਸੰਭਾਵਿਤ ਚੌਥੀ ਲਹਿਰ ਦਾ ਅਸਰ ਸੱਭ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਜ਼ਿਆਦਾ ਨਜ਼ਰ ਆ ਰਿਹਾ ਹੈ । ਮੰਕੀਪਾਕਸ ਦੇ ਖਦਸ਼ੇ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਪੂਰੀ ਅਹਿਤਿਆਤ ਵਰਤ ਰਿਹਾ ਹੈ ਉੱਥੇ ਕੋਰੋਨਾ ਲਗਾਤਾਰ ਆਪਣਾ ਅਸਰ ਵਿਖਾ ਰਿਹਾ ਹੈ ।
ਪੰਜਾਬ ਦੇ ਮੰਤਰੀਆਂ ਤੋਂ ਬਾਅਦ ਹੁਣ ਸੂਬੇ ਦੇ ਰਾਜਪਾਲ ਵੀ ਕੋਰੋਨਾ ਦੀ ਲਪੇਟ ਚ ਆ ਗਏ ਹਨ । ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਉਨ੍ਹਾਂ ‘ਚ ਕੋਰੋਨਾ ਦੇ ਕੋਈ ਗੰਭੀਰ ਲੱਛਣ ਨਹੀਂ ਦਿਖਾਈ ਦੇ ਰਹੇ ਹਨ। ਉਸ ਨੇ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਉਸ ਨੂੰ ਇਕ-ਦੋ ਦਿਨਾਂ ਵਿਚ ਮਿਲੇ ਹਨ, ਉਹ ਆਪਣੇ ਆਪ ਨੂੰ ਅਲੱਗ-ਥਲੱਗ ਕਰ ਲੈਣ ਅਤੇ ਹੋ ਸਕੇ ਤਾਂ ਆਪਣਾ ਕੋਰੋਨਾ ਟੈਸਟ ਕਰਵਾ ਲੈਣ।
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸ਼ਹਿਰ ਵਿੱਚ ਰੋਜ਼ਾਨਾ 100 ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਟਰਾਈਸਿਟੀ ਵਿੱਚ ਪਿਛਲੇ 24 ਘੰਟਿਆਂ ਵਿੱਚ 400 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਚੰਡੀਗੜ੍ਹ ਸਿਹਤ ਵਿਭਾਗ ਦੇ ਅਨੁਸਾਰ, ਵੀਰਵਾਰ ਨੂੰ ਸ਼ਹਿਰ ਵਿੱਚ 139 ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 901 ਤੱਕ ਪਹੁੰਚ ਗਈ ਹੈ। ਇਨਫੈਕਸ਼ਨ ਦੀ ਦਰ 9.03 ਫੀਸਦੀ ਦਰਜ ਕੀਤੀ ਗਈ ਹੈ। 71 ਪੁਰਸ਼ ਅਤੇ 68 ਔਰਤਾਂ ਸੰਕਰਮਿਤ ਪਾਈਆਂ ਗਈਆਂ। ਇੱਕ ਹਫ਼ਤੇ ਵਿੱਚ ਰੋਜ਼ਾਨਾ ਔਸਤਨ 129 ਲੋਕ ਸੰਕਰਮਿਤ ਪਾਏ ਗਏ। 24 ਘੰਟਿਆਂ ਵਿੱਚ 1,540 ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ। ਇਸ ਦੇ ਨਾਲ ਹੀ 156 ਮਰੀਜ਼ ਠੀਕ ਵੀ ਹੋਏ ਹਨ। ਦੂਜੇ ਪਾਸੇ ਵੀਰਵਾਰ ਨੂੰ ਪੰਚਕੂਲਾ ਵਿੱਚ ਵੀ 121 ਨਵੇਂ ਸੰਕਰਮਿਤ ਪਾਏ ਗਏ। ਇਸ ਤੋਂ ਇਲਾਵਾ ਮੋਹਾਲੀ ‘ਚ ਵੀਰਵਾਰ ਨੂੰ 143 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ ‘ਚੋਂ 69 ਸਰਕਾਰੀ ਅਤੇ 74 ਨਿੱਜੀ ਹਸਪਤਾਲਾਂ ‘ਚ ਸੰਕਰਮਿਤ ਪਾਏ ਗਏ।