ਜਲੰਧਰ- ਉਮਸ ਭਰੇ ਮੌਸਮ ਤੋਂ ਜਲਦ ਰਾਹਤ ਮਿਲ ਜਾਵੇਗੀ । ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਹੁਣ ਵਾਯੂਮੰਡਲ ਵਿੱਚ ਨਮੀ ਘੱਟ ਜਾਵੇਗੀ। ਸਤੰਬਰ ਵਿੱਚ ਵੀ ਮੀਂਹ ਦੀ ਸੰਭਾਵਨਾ ਘੱਟ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ਪੰਜਾਬ ਵਿੱਚ ਚੰਗੀ ਬਾਰਿਸ਼ ਹੋਈ ਸੀ। ਅਗਸਤ ਵਿੱਚ ਘੱਟ ਬਾਰਿਸ਼ ਹੋਈ ਹੈ। ਸਤੰਬਰ ਵਿੱਚ ਵੀ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਵਾਰ ਅਗਸਤ ਵਿੱਚ ਪੰਜਾਬ ਵਿੱਚ ਆਮ ਨਾਲੋਂ 60 ਫੀਸਦੀ ਘੱਟ ਮੀਂਹ ਪਿਆ ਹੈ। 2014 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਕੇਂਦਰ ਅਨੁਸਾਰ ਅਗਸਤ ਮਹੀਨੇ ਵਿੱਚ ਸਿਰਫ਼ 58.9 ਮਿਲੀਮੀਟਰ ਮੀਂਹ ਹੀ ਪਿਆ ਹੈ। ਆਮ ਤੌਰ ‘ਤੇ ਅਗਸਤ ਵਿਚ 146.2 ਮਿਲੀਮੀਟਰ ਬਾਰਿਸ਼ ਹੋਈ ਹੈ। ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਡਾ: ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਅਗਸਤ ਵਿੱਚ ਘੱਟ ਬਾਰਿਸ਼ ਦੇ ਕਈ ਕਾਰਨ ਸਨ। ਵੈਸਟਰਨ ਡਿਸਟਰਬੈਂਸ ਲਗਾਤਾਰ ਨਹੀਂ ਆਏ। ਮਾਨਸੂਨ ਟ੍ਰਾਫ ਦੀ ਦਿਸ਼ਾ ਦੱਖਣ ਵੱਲ ਜ਼ਿਆਦਾ ਸੀ।