ਚੰਡੀਗੜ੍ਹ- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਖਿਰਕਾਰ ਪੰਜਾਬ ਵਿਧਾਨ ਸਭਾ ਚ ਭਰੋਸਗੀ ਮਤੇ ਨੂੰ ਪਾਸ ਕਰ ਦਿੱਤਾ । ਭਾਜਪਾ ਦੇ ਓਪਰੇਸ਼ਨ ਲੋਟਸ ਖਿਲਾਫ ਸੂਬੇ ਦੀ ਸੱਤਾਧਾਰੀ ਪਾਰਟੀ ਵਲੋਂ ਇਹ ਮਤਾ ਪੇਸ਼ ਕਰ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ । ਕੁੱਲ 93 ਵਿਧਾਇਕਾਂ ਵਲੋਂ ਹੱਥ ਖੜੇ ਕਰਕੇ ਭਰੋਸਗੀ ਮਤੇ ਦਾ ਸਮਰਥਨ ਕੀਤਾ ਗਿਆ । ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਇਸਨੂੰ ਸੱਚਾਈ ਦੀ ਜਿੱਤ ਦੱਸਿਆ ਹੈ ।
ਅਕਾਲੀ ਦਲ ਦੇ ਮਨਪ੍ਰੀਤ ਇਆਲੀ ਵਲੋਂ ਸੱਤਾਧਾਰੀ ‘ਆਪ’ ਦੇ ਹੱਕ ਚ ਵੋਟ ਕਰ ਭਾਜਪਾ ਦੇ ਓਪਰੇਸ਼ਨ ਲੋਟਸ ਖਿਲਾਫ ਆਪਣਾ ਰੋਸ ਜਤਾਇਆ । ਇਸਤੋਂ ਪਹਿਲਾਂ ਆਪਣੇ ਸੰਬੋਧਨ ਚ ਇਆਲੀ ਨੇ ਓਪਰੇਸ਼ਨ ਲੋਟਸ ਨੂੰ ਲੈ ਕੇ ਕਾਂਗਰਸ ਪਾਰਟੀ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਸਨ ।ਅਕਾਲੀ ਦਲ ਦੀ ਭਾਜਪਾ ਖਿਲਾਫ ਵੋਟਿੰਗ ਨਾਲ ਹੁਣ ਇਹ ਤਾਂ ਸਾਫ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਚ ਭਾਜਪਾ ਅਕਾਲੀ ਦਲ ਨਾਲ ਗਠਜੋੜ ਨਹੀਂ ਬਣਾਵੇਗੀ । ਜਾਂ ਇਹ ਸਮਝ ਲਵੋ ਕਿ ਅਕਾਲੀ ਦਲ ਨੇ ਭਾਜਪਾ ਦੇ ਅੱਗੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ ।