ਤਰਨਤਾਰਨ – ਤਰਨਤਾਰਨ ਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਬੀਰ ਸਿੰਘ ਤੁੰਗ ਨੂੰ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ। ਇੰਨਾ ਹੀ ਨਹੀਂ ਵਿਧਾਇਕ ਦਲਬੀਰ ਸਿੰਘ ਤੁੰਗ ਦੀ ਚੱਲ-ਅਚੱਲ ਜਾਇਦਾਦ ਵੀ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਫੈਸਲਾ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਏ.ਸੀ.ਜੇ.ਐਮ.) ਬਗੀਚਾ ਸਿੰਘ ਦੀ ਅਦਾਲਤ ਨੇ ਦਲਬੀਰ ਸਿੰਘ ਤੁੰਗ ਵਿਰੁੱਧ ਸੁਣਾਇਆ ਹੈ।
ਦੱਸ ਦੇਈਏ ਕਿ ਇਹ ਫੈਸਲਾ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਖਿਲਾਫ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਕਰੋਨਾ ਦੌਰਾਨ ਅਣਮਿੱਥੇ ਸਮੇਂ ਲਈ ਦਿੱਤੇ ਜਾ ਰਹੇ ਧਰਨੇ ਦੇ ਸਬੰਧ ‘ਚ ਚੱਲ ਰਹੇ ਮਾਮਲੇ ‘ਚ ਦਿੱਤਾ ਗਿਆ ਹੈ। ਨਾਲ ਹੀ, ਅਦਾਲਤ ਨੇ ਸਥਾਨਕ ਪੁਲਿਸ ਨੂੰ ਤੁੰਗ ਵਿਰੁੱਧ ਐਫਆਈਆਰ ਦਰਜ ਕਰਨ ਅਤੇ ਉਸ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ।
31 ਜੁਲਾਈ 2020 ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਨਕਲੀ ਸ਼ਰਾਬ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਗਿਆ। ਕੋਰੋਨਾ ਨਿਯਮਾਂ ਦੀ ਅਣਦੇਖੀ ਕਰਕੇ ਧਰਨੇ ਨੂੰ ਲੈ ਕੇ ਥਾਣਾ ਸਦਰ ਪੁਲਿਸ ਵੱਲੋਂ ਵੱਖ-ਵੱਖ ‘ਆਪ’ ਆਗੂਆਂ ਖਿਲਾਫ ਐਫ.ਆਈ.ਆਰ. ਇਹ ਮਾਮਲਾ ਸੁਣਵਾਈ ਲਈ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਬਗੀਚਾ ਸਿੰਘ ਦੀ ਅਦਾਲਤ ਵਿੱਚ ਪੁੱਜਿਆ।
ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਤੁੰਗ ਦੀ ਅਦਾਲਤ ਤੋਂ ਲਗਾਤਾਰ ਗੈਰਹਾਜ਼ਰੀ ਕਾਰਨ ਉਨ੍ਹਾਂ ਦੇ ਹੋਰ ਆਗੂਆਂ ਸਮੇਤ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਬੁੱਧਵਾਰ ਨੂੰ ਐਸ.ਸੀ.ਜੇ.ਐਮ ਬਗੀਚਾ ਸਿੰਘ ਦੀ ਅਦਾਲਤ ਨੇ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਤੁੰਗ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਭਗੌੜਾ ਕਰਾਰ ਦਿੱਤਾ ਹੈ। ਅਦਾਲਤ ਨੇ ਸਥਾਨਕ ਪੁਲੀਸ ਨੂੰ ਵਿਧਾਇਕ ਤੁੰਗ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡੀਸੀ ਨੂੰ ਦੋਸ਼ੀ ਵਿਧਾਇਕ ਤੁੰਗ ਦੀ ਚੱਲ-ਅਚੱਲ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ।