ਨਿਊਜ਼ੀਲੈਂਡ ਲਈ ਭਾਰਤ ਖਿਲਾਫ ਟੀ-20 ਸੀਰੀਜ਼ ਬਚਾਉਣਾ ਮੁਸ਼ਕਲ… ਕੇਨ ਵਿਲੀਅਮਸਨ ਹੋਏ ਬਾਹਰ

ਨਵੀਂ ਦਿੱਲੀ: ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਭਾਰਤ ਖਿਲਾਫ ਸੀਰੀਜ਼ ਦੇ ਤੀਜੇ ਅਤੇ ਆਖਰੀ ਟੀ-20 ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਟੀਮ ਦੇ ਨਿਯਮਤ ਕਪਤਾਨ ਕੇਨ ਵਿਲੀਅਮਸਨ ਨੇਪੀਅਰ ‘ਚ ਖੇਡੇ ਗਏ ਅਹਿਮ ਮੈਚ ਤੋਂ ਪਹਿਲਾਂ ਹੀ ਬਾਹਰ ਹੋ ਗਏ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੀ-20 ਮੈਚ ਮੰਗਲਵਾਰ ਨੂੰ ਨੇਪੀਅਰ ਦੇ ਮੈਕਲੀਨ ਪਾਰਕ ‘ਚ ਖੇਡਿਆ ਜਾਵੇਗਾ। ਮੇਜ਼ਬਾਨ ਕੀਵੀ ਟੀਮ ਸੀਰੀਜ਼ ‘ਚ 0-1 ਨਾਲ ਪਿੱਛੇ ਹੈ। ਅਜਿਹੇ ‘ਚ ਇਸ ਮੈਚ ਤੋਂ ਠੀਕ ਪਹਿਲਾਂ ਕਪਤਾਨ ਦਾ ਬਾਹਰ ਹੋਣਾ ਉਸ ਲਈ ਵੱਡਾ ਝਟਕਾ ਹੈ।

ਨਿਊਜ਼ੀਲੈਂਡ ਕ੍ਰਿਕਟ ਨੇ ਸੋਸ਼ਲ ਮੀਡੀਆ ਦੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ। ਕੇਨ ਵਿਲੀਅਮਸਨ ਪਹਿਲਾਂ ਤੋਂ ਨਿਰਧਾਰਤ ਮੈਡੀਕਲ ਮੁਲਾਕਾਤ ਦੇ ਕਾਰਨ ਨੇਪੀਅਰ ਟੀ-20 ਵਿੱਚ ਨਹੀਂ ਖੇਡ ਸਕਣਗੇ। ਉਸ ਦੀ ਥਾਂ ‘ਤੇ ਬੱਲੇਬਾਜ਼ ਮਾਰਕ ਚੈਪਮੈਨ ਨਿਊਜ਼ੀਲੈਂਡ ਦੀ ਟੀਮ ‘ਚ ਸ਼ਾਮਲ ਹੋਣਗੇ। ਇਸ ਮੈਚ ਵਿੱਚ ਟਿਮ ਸਾਊਦੀ ਕਪਤਾਨੀ ਕਰਨਗੇ।

ਵਿਲੀਅਮਸਨ ਬੁੱਧਵਾਰ ਨੂੰ ਵਨਡੇ ਟੀਮ ‘ਚ ਸ਼ਾਮਲ ਹੋਣਗੇ
ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਮਾਊਂਟ ਮੌਂਗਾਨੁਈ ‘ਚ ਖੇਡੇ ਗਏ ਦੂਜੇ ਟੀ-20 ‘ਚ ਹੈਟ੍ਰਿਕ ਲਈ। ਕੇਨ ਵਿਲੀਅਮਸਨ ਬੁੱਧਵਾਰ ਨੂੰ ਵਨਡੇ ਟੀਮ ‘ਚ ਸ਼ਾਮਲ ਹੋਣਗੇ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਤੋਂ ਬਾਅਦ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਵਨਡੇ ਸ਼ੁੱਕਰਵਾਰ (25 ਨਵੰਬਰ) ਨੂੰ ਈਡਨ ਪਾਰਕ ‘ਚ ਖੇਡਿਆ ਜਾਵੇਗਾ।

ਵਿਲੀਅਮਸਨ ਨੇ ਦੂਜੇ ਟੀ-20 ਵਿੱਚ 61 ਦੌੜਾਂ ਦੀ ਪਾਰੀ ਖੇਡੀ
ਸੀਰੀਜ਼ ਦਾ ਪਹਿਲਾ ਟੀ-20 ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜੇ ਟੀ-20 ਮੈਚ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾਇਆ ਸੀ। ਤੀਜਾ ਟੀ-20 ਜਿੱਤ ਕੇ ਟੀਮ ਇੰਡੀਆ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ। ਦੂਜੇ ਟੀ-20 ਵਿੱਚ ਭਾਰਤ ਲਈ ਸੂਰਿਆਕੁਮਾਰ ਯਾਦਵ ਨੇ ਸ਼ਾਨਦਾਰ ਸੈਂਕੜਾ ਜੜਿਆ ਜਦਕਿ ਦੀਪਕ ਹੁੱਡਾ ਨੇ ਚਾਰ ਵਿਕਟਾਂ ਆਪਣੇ ਨਾਮ ਕੀਤੀਆਂ। ਨਿਊਜ਼ੀਲੈਂਡ ਵੱਲੋਂ ਕੇਨ ਵਿਲੀਅਮਸਨ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ।