ਜਲੰਧਰ- ਪੰਜਾਬ ਪੁਲਿਸ ਮੁੱਖੀ ਗੌਰਵ ਯਾਦਵ ਨੇ ਪੰਜਾਬ ਦੇ ਲੋਕਾਂ ਨੂੰ 72 ਘੰਟਿਆਂ ਦੇ ਅੰਦਰ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਹਥਿਆਰਾਂ ਵਾਲੀ ਪੋਸਟਾਂ,ਤਸਵੀਰਾਂ ਅਤੇ ਵੀਡੀਓ ਹਟਾਉਣ ਲਈ ਕਿਹਾ ਹੈ । ਡੀ.ਜੀ.ਪੀ ਗੌਰਵ ਯਾਦਵ ਨੇ ਟਵੀਟ ਕਰਕੇ ਪੰਜਾਬ ਦੀ ਜਨਤਾ ਨੂੰ ਇਹ ਅਪੀਲ ਕੀਤੀ ਹੈ ।
ਡੀ.ਜੀ.ਪੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੁਕਮ ਆਇਆ ਹੈ ਕਿ ਅਗਲੇ 72 ਘੰਟਿਆਂ ਦੌਰਾਨ ਪੰਜਾਬ ਚ ਗੰਨ ਕਲਚਰ ਦੇ ਖਿਲਾਫ ਧਾਰਾ 188 ਦਾ ਕੋਈ ਵੀ ਪਰਚਾ ਦਰਜ ਨਾ ਕੀਤਾ ਜਾਵੇ । ਇਹ ਸਮਾਂ ਆਮ ਪਬਲਿਕ ਨੂੰ ਆਪਣੇ ਅਕਾਊਂਟ ਚ ਇਤਰਾਜ਼ਯੋਗ ਸਮੱਗਰੀ ਹਟਾਉਣ ਲਈ ਦਿੱਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਹੁਕਮ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਧੜਾਧੜ ਪਰਚੇ ਦਰਜ ਕੀਤੇ ਜਾ ਰਹੇ ਹਨ । ਨੰਬਰ ਬਨਾਉਣ ਲਈ ਪੁਲਿਸ ਵਲੋਂ ਇਸ ਗੱਲ ਦਾ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਤਸਵੀਰ ਹੁਣ ਦੀ ਹੈ ਜਾਂ ਪੁਰਾਣੀ ।ਪੁਲਿਸ ਦੀ ਨਲਾਇਕੀ ਦਾ ਆਲਮ ਇਹ ਸੀ ਕਿ ਅੰਮਿਰਤਸਰ ਦੇ ਜੰਡਿਆਲਾ ਚ ਇਕ 10 ਸਾਲਾ ਬੱਚੇ ਦਾ ਵੀ ਨਾਂ ਐੱਫ.ਆਈ.ਆਰ ਚ ਪਾ ਦਿੱਤਾ ਗਿਆ । ਆਪਣੀ ਪੁਲਿਸ ਦੀ ਨਲਾਇਕੀ ਲੁਕਾਉਣ ਲਈ ਹੁਣ ਸਰਕਾਰ ਅਤੇ ਡੀ.ਜੀ.ਪੀ ਨੇ ਨਵਾਂ ਫੁਰਮਾਨ ਸੁਣਾਇਆ ਹੈ ।