ਚੰਡੀਗੜ੍ਹ- 7 ਨਵੰਬਰ ਨੂੰ ਨਕੋਦਰ ‘ਚ ਕਪੜਾ ਵਪਾਰੀ ਅਤੇ ਪੰਜਾਬ ਪੁਲਿਸ ਮੁਲਾਜ਼ਮ ਦੇ ਕਤਲ ਕਾਂਡ ਦਾ ਪੰਜਾਬ ਪੁਲਿਸ ਨੇ ਖੁਲਾਸਾ ਕਰ ਦਿੱਤਾ ਹੈ ।ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕਤਲ ਕਾਂਡ ਨੂੰ ਅਮਰੀਕਾ ‘ਚ ਪਲਾਨ ਕੀਤਾ ਗਿਆ ਸੀ ।ਯੂ.ਐੱਸ.ਏ ‘ਚ ਬੈਠੇ ਅਮਨਦੀਪ ਪੂਰੇਵਾਲ ਨੇ ਇੱਥੇ ਪਿੰਡ ਮਾਲੜੀ ਦੇ ਰਹਿਣ ਵਾਲੇ ਗੁਰਿੰਦਰ ਗਿੰਦਾ ਨਾਲ ਗੈਂਗ ਬਣਾ ਕੇ ਇਸ ਕਤਲਕਾਂਡ ਨੂੰ ਅੰਜ਼ਾਮ ਦਿੱਤਾ ਸੀ । ਪੁਲਿਸ ਨੇ ਇਸ ਮਾਮਲੇ ਚ ਤਿੰਨ ਸ਼ੂਟਰ ਗ੍ਰਿਫਤਾਰ ਕਰ ਲਏ ਹਨ ।ਕਈ ਹਥਿਆਰ ਅਤੇ ਰੇਕੀ ਲਈ ਵਰਤੀ ਗਈ ਸਫਾਰੀ ਕਾਰ ਬਰਾਮਦ ਕਰ ਲਈ ਹੈ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਜੀ.ਪੀ ਨੇ ਕਿਹਾ ਕਿ ਨਕੋਦਰ ਹਤਿਆਕਾਂਡ ਨੂੰ ਇਕ ਨਵੇਂ ਗੈਂਗ ਨੇ ਅੰਜ਼ਾਮ ਦਿੱਤਾ ਸੀ ।ਨਕੋਦਰ ਦੇ ਇਕ ਨਜਦੀਕੀ ਪਿੰਡ ਦਾ ਰਹਿਣ ਵਾਲਾ ਅਮਨਦੀਪ ਪੂਰੇਵਾਲ ਇਸ ਦਾ ਮੁੱਖੀ ਹੈ । ਇਸਦਾ ਸਾਥ ਨਕੋਦਰ ਦੇ ਹੀ ਪਿੰਡ ਮਾਲੜੀ ਦੇ ਰਹਿਣ ਵਾਲੇ ਗੁਰਿੰਦਰ ਗਿੰਦਾ ਨੇ ਦਿੱਤਾ । ਦੋਹਾਂ ਨੇ ਇਸ ਫਿਰੌਤੀ ੳਤੇ ਕਤਲ ਕਾਂਡ ਦਾ ਪਲਾਨ ਤਿਆਰ ਕੀਤਾ ।ਪੂਰੇਵਾਲ ਵਲੋਂ ਹੀ ਅਮਰੀਕਾ ਤੋਂ ਕਪੜਾ ਵਪਾਰੀ ਟਿੰਮੀ ਨੂੰ ਫੋਨ ਕਰਕੇ ਫਿਰੌਤੀ ਮੰਗੀ ਗਈ ਸੀ । ਪੈਸਾ ਨਾ ਮਿਲਣ ‘ਤੇ ਭਾਰਤ ‘ਚ ਨਕੋਦਰ ਦੇ ਉਸਦੇ ਸਾਥੀ ਗੁਰਿੰਦਰ ਗਿੰਦਾ ਨੇ ਕਤਲਕਾਂਡ ਨੂੰ ਅੰਜ਼ਾਮ ਦੇਣ ਲਈ ਪੰਜ ਸ਼ੂਟਰਾਂ ਨੂੰ ਕੰਮ ਦਿੱਤਾ ਗਿਆ ।ਗਿੰਦਾ ਨੇ ਹੀ ਟਿੰਮੀ ਦੀ ਰੇਕੀ ਕਰ ਸ਼ੂਟਰਾਂ ਨੂੰ ਹਥਿਆਰ ਮੁਹੱਇਆ ਕਰਵਾਏ ਗਏ ।ਪੁਲਿਸ ਨੇ ਜਾਂਚ ਕਰਕੇ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।ਦੋ ਸ਼ੂਟਰਾਂ ਸਮੇਤ ਦੋ ਸਾਜਿਸ਼ਕਰਤਾ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ।
ਤਰਨਤਾਰਨ ਆਰ.ਪੀ.ਜੀ ਅਟੈਕ ਅਤੇ ਗੋਲਡੀ ਬਰਾੜ ਮਾਮਲੇ ਚ ਡੀ.ਜੀ.ਪੀ ਨੇ ਫਿਲਹਾਲ ਕੁੱਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ ।ਹਾਲਾਂਕਿ ਉਨ੍ਹਾਂ ਤਰਨਤਾਰਨ ਮਾਮਲੇ ਚ ਜਲਦ ਹੀ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਕੀਤੀ ਹੈ ।