ਜਲੰਧਰ – ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਵੀ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਉਨ੍ਹਾਂ ਦੇ ਮਕਾਨ ਢਾਹੇ ਜਾਣ ਕਾਰਨ ਬੇਘਰ ਹੋਏ ਲੋਕਾਂ ਨੂੰ ਮਿਲਣ ਲਤੀਫਪੁਰਾ ਪਹੁੰਚੇ। ਭਾਜਪਾ ਆਗੂ ਰੌਬਿਨ ਸਾਂਪਲਾ ਦੀ ਸ਼ਿਕਾਇਤ ’ਤੇ ਵਿਜੈ ਸਾਂਪਲਾ ਨੇ ਮੌਕੇ ’ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ। ਵਿਜੇ ਸਾਂਪਲਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲੇਗਾ ਤੇ ਉਨ੍ਹਾਂ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ। ਇਸ ਮੌਕੇ ਭਾਜਪਾ ਆਗੂ ਕੇਡੀ ਭੰਡਾਰੀ, ਸਰਬਜੀਤ ਸਿੰਘ ਮੱਕੜ ਆਦਿ ਹਾਜ਼ਰ ਸਨ। ਬੇਘਰ ਹੋਏ ਲੋਕਾਂ ਨੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਦੱਸਿਆ ਕਿ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸੁਣਵਾਈ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।
ਇਸ ਪੂਰੇ ਮਾਮਲੇ ‘ਚ ਭੂ-ਮਾਫੀਆ ਦਾ ਹੱਥ ਹੈ ਤੇ ਉਨ੍ਹਾਂ ਦੀ ਜ਼ਮੀਨ ਨੂੰ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ਕਰਾਰ ਦੇ ਕੇ ਖਾਲੀ ਕਰਵਾਇਆ ਗਿਆ ਹੈ। ਚੇਅਰਮੈਨ ਵਿਜੈ ਸਾਂਪਲਾ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਖੁੱਲ੍ਹੀਆਂ ਛੱਤਾਂ ਹੇਠ ਰਹਿਣ ਲਈ ਮਜ਼ਬੂਰ ਕੀਤਾ ਗਿਆ ਹੈ ਅਤੇ ਇਹ ਅਤਿ ਨਿੰਦਣਯੋਗ ਹੈ। ਅਜੇ ਤਕ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਘਰੇ ਲੋਕਾਂ ਦੀ ਰਾਹਤ ਲਈ ਕੋਈ ਪ੍ਰਬੰਧ ਨਹੀਂ ਕੀਤੇ ਹਨ। ਰੌਬਿਨ ਸਾਂਪਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਦੇਣ ਵਿੱਚ ਅਸਫਲ ਰਹੇ ਹਨ ਪਰ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਕਈ ਸਮਾਜਿਕ ਸੰਸਥਾਵਾਂ ਮਦਦ ਲਈ ਅੱਗੇ ਆਈਆਂ ਹਨ।