CM ਭਗਵੰਤ ਮਾਨ ਪਤਨੀ ਸਣੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਫਤਿਹਗੜ੍ਹ ਸਾਹਿਬ – ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦਾ ਅੱਜ ਦੂਜਾ ਦਿਨ ਹੈ। ਜਿੱਥੇ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਹੀਆਂ ਹਨ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਸਮੇਤ ਫਤਿਹਗੜ੍ਹ ਸਾਹਿਬ ਗੁਰਦੁਆਰਾ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਰੁਮਾਲਾ ਸਾਹਿਬ ਭੇਂਟ ਕੀਤਾ ਅਤੇ ਸਾਹਿਬਜਾਦਿਆਂ ਦੀ ਕੁਰਬਾਨੀ ‘ਤੇ ਸਿਜਦਾ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਇਤਿਹਾਸ ਦੀ ਸਭ ਤੋਂ ਮਹਿੰਗੀ ਧਰਤੀ ਹੈ ਜਿਸ ਦੀ ਦੁਨੀਆਂ ਭਰ ਵਿੱਚ ਕੋਈ ਹੋਰ ਉਦਾਹਰਣ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਦੇ ਮਾਰਗ ‘ਤੇ ਚੱਲਦਿਆਂ ਆਪਣਾ ਸਰਬੰਸ ਵਾਰ ਦਿੱਤਾ । ਅਸੀਂ ਉਨ੍ਹਾਂ ਰਹਿਬਰਾਂ ਦੇ ਮਾਰਗ ‘ਤੇ ਤਾਂ ਨਹੀਂ ਚੱਲ ਸਕਦੇ, ਪਰ ਸਾਨੂੰ ਹੱਕ ਸੱਚ ਦੀ ਆਵਾਜ਼ ਹਮੇਸ਼ਾਂ ਬੁਲੰਦ ਕਰਨੀ ਚਾਹੀਦੀ ਹੈ।

ਦੱਸ ਦੇਈਏ ਕਿ ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਲਖਵੀਰ ਸਿੰਘ ਰਾਏ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਗੈਰੀ ਬੜਿੰਗ, ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪਰਨੀਤ ਸ਼ੇਰਗਿੱਲ, ਜਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਆਦਿ ਹਾਜਰ ਸਨ।