ਜਲੰਧਰ- ਠੰਡ ਨੇ ਪੰਜਾਬਵਾਸੀਆਂ ਨੂੰ ਕੰਬਾ ਕੇ ਰੱਖ ਦਿੱਤਾ ਹੈ । ਸਵੇਰ ਅਤੇ ਸ਼ਾਂਮ ਵੇਲੇ ਸੜਕਾਂ ਖਾਲੀ ਹੋ ਜਾਣਦੀਆਂ ਹਨ । ਧੁੰਦ ਨਾਲ ਵਿਜ਼ੀਬਿਲਟੀ ਘੱਟ ਹੋਣ ਕਾਰਨ ਲੋਕ ਸਫਰ ਕਰਨ ਤੋਂ ਵੀ ਪਰਹੇਜ਼ ਕਰ ਰਹੇ ਹਨ । ਸੋ ਅੰਦਰੁਨੀ ਇਲਾਕਿਆਂ ਦੇ ਨਾਲ ਨਾਲ ਹਾਈਵੇ ਵੀ ਸੁੰਨਮਸਾਨ ਹੀ ਹਨ । ਪੰਜਾਬ ਦੇ ਲੋਕਾਂ ਨੂੰ ਅਜੇ ਠਿਠੁਰਦੀ ਠੰਡ ਤੋਂ ਰਾਹਤ ਮਿਲਦੀ ਨਹੀਂ ਦਿਖ ਰਹੀ। ਨਵੇਂ ਸਾਲ ਵਿਚ ਵੀ ਸੀਤ ਲਹਿਰ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਦੇ ਉੱਤਰੀ ਹਿੱਸਿਆਂ ਵਿਚ 31 ਦਸੰਬਰ ਤੋਂ ਸੀਤ ਲਹਿਰ ਦੀ ਸਥਿਤੀ ਦੇਖੀ ਜਾਵੇਗੀ। IMD ਨੇ ਕਿਹਾ ਕਿ ਦੱਖਣ ਹਰਿਆਣਾ ਤੇ ਪੱਛਮੀ ਉਤਰ ਪ੍ਰਦੇਸ਼ ਵਿਚ ਠੰਡ ਜ਼ਿਆਦਾ ਹੈ।
ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਤੇ ਦਿੱਲੀ ਵਿਚ ਕੜਾਕੇ ਦੀ ਠੰਡ ਤੋਂ ਸੀਤ ਲਹਿਰ ਜਾਰੀ ਰਹਿਣ ਦਾ ਅਨੁਮਾਨ ਹੈ ਤੇ ਇਸ ਦੇ ਨਾਲ ਹੀ ਇਨ੍ਹਾਂ ਸੂਬਿਆਂ ਵਿਚ ਸੰਘਣੀ ਧੁੰਦ ਰਹੇਗੀ। 29 ਦਸੰਬਰ ਨੂੰ ਜੰਮੂ-ਕਸ਼ਮੀਰ, ਲੇਹ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 29 ਦਸੰਬਰ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿਚ ਬੂੰਦਾਬਾਦੀ ਵੀ ਹੋ ਸਕਦੀ ਹੈ।
ਦਿੱਲੀ ਵਾਸੀਆਂ ਦੀ ਮੰਗਲਵਾਰ ਸਵੇਰ ਸਰਦ ਹਵਾਵਾਂ ਨਾਲ ਸ਼ੁਰੂ ਹੋਈ ਤੇ ਸੰਘਣੀ ਧੁੰਦ ਕਾਰਨ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਵਿਜ਼ੀਬਿਲਟੀ ਕਾਫੀ ਘੱਟ ਰਹੀ, ਜਿਸ ਨਾਲ ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਵਿਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਘਣੀ ਧੁੰਦ ਦੀ ਇਕ ਪਰਤ ਅਤੇ ਉੱਤਰ ਵਿਚ ਬਰਫੀਲੀਆਂ ਠੰਡੀਆਂ ਹਵਾਵਾਂ ਤਾਪਮਾਨ ਵਿਚ ਭਾਰੀ ਗਿਰਾਵਟ ਲਈ ਜ਼ਿੰਮੇਵਾਰ ਹਨ।
ਮੌਸਮ ਵਿਭਾਗ ਮੁਤਾਬਕ ਉੱਤਰ ਪੱਛਮ ਭਾਰਤ ਵਿਚ ਖੁਸ਼ਕ ਤੇ ਠੰਡੀਆਂ ਹਵਾਵਾਂ ਜਾਰੀ ਰਹਿਣਗੀਆਂ। ਧੁੰਦ ਦੀ ਤੀਬਰਤਾ ਵਿਚ ਕਮੀ ਆ ਸਕਦੀ ਹੈ ਜਿਸ ਨਾਲ ਦਿਨ ਦੇ ਤਾਪਮਾਨ ਵਿਚ ਮਾਮੂਲੀ ਵਾਧਾ ਹੋ ਸਕਦਾ ਹੈ। ਦਿੱਲੀ ਤੇ ਹਰਿਆਣਾ ਦੇ ਕੁਝ ਹਿਸਿਆਂ ਵਿਚ ਸੀਤ ਲਹਿਰ ਵਿਚ ਕਮੀ ਆ ਸਕਦੀ ਹੈ। ਇਨ੍ਹਾਂ ਸੂਬਿਆਂ ਵਿਚ ਤਾਪਮਾਨ ਵਿਚ ਵੀ ਮਾਮੂਲੀ ਵਾਧਾ ਹੋ ਸਕਦਾ ਹੈ।
ਪੱਛਮੀ ਹਿਮਾਲਿਆ ਦੇ ਉਪਰੀ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ ਜਿਸ ਨਾਲ 30 ਤੇ 31 ਦਸੰਬਰ ਦੇ ਕੋਲ ਪੱਛਮੀ ਗੜਬੜੀ ਦੀ ਸੰਭਾਵਨਾ ਹੈ। ਨਵੇਂ ਸਾਲ ਦੀ ਸ਼ਾਮ ਨੂੰ ਤਾਪਮਾਨ ਵਿਚ ਇਕ ਵਾਰ ਫਿਰ ਗਿਰਾਵਟ ਆ ਸਕਦੀ ਹੈ। ਜਨਵਰੀ ਦੇ ਪਹਿਲੇ ਹਫਤੇ ਦੀ ਸ਼ੁਰੂਆਤ ਵਿਚ ਕੜਾਕੇ ਦੀ ਸਰਦੀ ਪੈਣ ਦੀ ਸੰਭਾਵਨਾ ਹੈ।