ਫਾਜ਼ਿਲਕਾ – ਸੀਮਾ ਸੁਰੱਖਿਆ ਬਲ ਵੱਲੋਂ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁੰਬੇਕੀ ‘ਤੋਂ ਸਾਹਮਣੇ ਆਇਆ ਹੈ। ਇੱਥੇ ਬੀਤੀ ਰਾਤ ਪਾਕਿਸਤਾਨ ਵਾਲੇ ਪਾਸੇ ਤੋਂ ਇਕ ਡਰੋਨ ਭਾਰਤੀ ਸਰਹੱਦ ‘ਚ ਦਾਖਲ ਹੋਇਆ। ਜਿਸ ‘ਤੇ ਸੀਮਾ ਸੁਰੱਖਿਆ ਬਲ ਦੀ 55ਵੀਂ ਬਟਾਲੀਅਨ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ। ਤਲਾਸ਼ੀ ਦੌਰਾਨ ਕਰੋੜਾਂ ਦੀ ਹੈਰੋਇਨ ਵੀ ਕਾਬੂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਭਾਰਤੀ ਸਰਹੱਦ ‘ਚ ਡਰੋਨ ਦੇ ਦਾਖਲ ਹੋਣ ਦੀ ਸੂਚਨਾ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦਿੱਤੀ। ਜਿਸ ‘ਤੋਂ ਬਾਅਦ ਪੂਰੇ ਇਲਾਕੇ ‘ਸੀ ਤਲਾਸ਼ੀ ਸ਼ੁਰੂ ਕੀਤੀ ਗਈ। ਸ਼ੱਕੀ ਇਲਾਕੇ ‘ਚ ਤਲਾਸ਼ੀ ਦੌਰਾਨ 3 ਪੈਕਟ ਅਤੇ ਇਕ ਬਲਿੰਕਰ ਯੰਤਰ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਪੈਕਟਾਂ ‘ਚੋਂ 2.622 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ, ਇਸ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕੀਮਤ 13 ਕਰੋੜ ਰੁਪਏ ਹੈ।