ਚੰਡੀਗੜ੍ਹ- ਸੀ.ਐੱਮ ਭਗਵੰਤ ਮਾਨ ਆਪਣੀ ਸਰਕਾਰ, ਮੰਤਰੀਆਂ ਅਤੇ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਖਾਸੇ ਗੰਭੀਰ ਹਨ ।ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਨਤਾ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ , ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਵਰਗੇ ਸਿਆਸੀ ਧੁਰੰਧਰਾਂ ਨੂੰ ਹਰਾ ਕੇ ਨੌਜਵਾਨ ਨੇਤਾਵਾਂ ਨੂੰ ਮੌਕਾ ਦਿੱਤਾ ਹੈ । ‘ਆਪ’ ਦੇ ਜ਼ਿਆਦਾਤਰ ਵਿਧਾਇਕਾਂ ਦੀ ਸਿਆਸੀ ਪਿਛੋਕੜ ਨਹੀਂ ਹੈ । ਸੋ ਸੀ.ਐੱਮ ਨੇ ਇਸਦਾ ਗੰਭੀਰ ਨੋਟਿਸ ਲਿਆ ਹੈ ।
ਪੰਜਾਬ ‘ਚ ਇਸ ਸਮੇਂ ਟ੍ਰੇਨਿੰਗਾਂ ਦਾ ਦੌਰ ਚਲ ਰਿਹਾ ਹੈ। ਹਾਲ ਹੀ ‘ਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਸ ਦਾ ਪਹਿਲਾ ਬੈੱਚ ਸਿੰਗਾਪੁਰ ਤੋਂ ਖਾਸ ਟ੍ਰੇਨਿੰਗ ਲੈ ਕੇ ਪਰਤਿਆ ਹੈ। ਇਸ ਤੋਂ ਬਾਅਦ ਹੁਣ ਖ਼ਬਰਾਂ ਹਨ ਕਿ ਵਿਧਾਨ ਸਭਾ ‘ਚ ਸੂਬੇ ਦੇ ਵਿਧਾਇਕਾਂ ਲਈ ਇੱਕ ਸਿਖਲਾਈ ਸੈਸ਼ਨ ਆਯੋਜਿਤ ਕੀਤਾ ਜਾਣਾ ਹੈ। ਇਹ ਸਿਖਲਾਈ 14-15 ਫਰਵਰੀ ਨੂੰ ਹੋਵੇਗੀ।
ਦੱਸ ਦਈਏ ਕਿ ਇਸ ਵਿੱਚ ‘ਆਪ’ ਦੇ ਪਹਿਲੀ ਵਾਰ ਵਿਧਾਇਕ ਬਣੇ ਆਗੂ ਤੇ ਹੋਰ ਸ਼ਾਮਲ ਹੋਣਗੇ। ਇਹ ਸਿਖਲਾਈ ਸੈਸ਼ਨ ਪਹਿਲੀ ਵਾਰ ਵਿਧਾਇਕ ਆਗੂਆਂ ਲਈ ਹੀ ਸਭ ਤੋਂ ਅਹਿਮ ਹੈ। ਕਿਉਂਕਿ ਵਿਧਾਨ ਸਭਾ ਸੈਸ਼ਨ ਦੌਰਾਨ ਸਵਾਲ ਕਿਵੇਂ ਪੁੱਛਣੇ ਹਨ ਤੇ ਹੋਰ ਗਤੀਵਿਧੀਆਂ ਦੌਰਾਨ ਕੀ ਭੂਮਿਕਾ ਹੋਣੀ ਚਾਹੀਦੀ ਹੈ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਹੋਣਾ ਹੈ। ਪਰ ਅਜੇ ਤੱਕ ਸੂਬਾ ਸਰਕਾਰ ਵੱਲੋਂ ਸੈਸ਼ਨ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਮਾਰਚ ਦੇ ਪਹਿਲੇ ਹਫ਼ਤੇ ਬਜਟ ਸੈਸ਼ਨ ਬੁਲਾ ਸਕਦੀ ਹੈ। ਇਸ ‘ਚ ‘ਆਪ’ ਦੇ ਸਾਰੇ ਵਿਧਾਇਕਾਂ ਦੀ ਭੂਮਿਕਾ ਅਹਿਮ ਹੋਵੇਗੀ। ਵਿਰੋਧੀ ਧਿਰ ਦੇ ਆਗੂ ਬਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਵੱਧ ਰਹੇ ਕਰਜ਼ੇ ‘ਤੇ ਵੀ ਸਵਾਲ ਉਠਾਉਣਗੇ।
ਬਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਔਰਤਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀਆਂ ਚਰਚਾਵਾਂ ਹਨ। ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ 1000 ਰੁਪਏ ਜਮ੍ਹਾਂ ਕਰਵਾਉਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਇਸ ਵਾਅਦੇ ਨਾਲ ਸੂਬਾ ਸਰਕਾਰ ‘ਤੇ ਭਾਰੀ ਵਿੱਤੀ ਬੋਝ ਪਵੇਗਾ।