ਜਾਸੂਸੀ ਦੇ ਦੋਸ਼ਾਂ ‘ਚ ਘਿਰੇ ਮਨੀਸ਼ ਸਿਸੋਦੀਆ, ਕੇਂਦਰ ਨੇ CBI ਨੂੰ ਦਿੱਤੀ ਜਾਂਚ ਦੀ ਮਨਜ਼ੂਰੀ

ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਫੀਡਬੈਕ ਯੂਨਿਟ’ ਕਥਿਤ ਜਾਸੂਸੀ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਨੀਸ਼ ਸਿਸੋਦੀਆ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੀਬੀਆਈ ਨੇ 8 ਫਰਵਰੀ ਨੂੰ ਗ੍ਰਹਿ ਮੰਤਰਾਲੇ ਤੋਂ ਮਨੀਸ਼ ਸਿਸੋਦੀਆ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ।

ਭਾਜਪਾ ਨੇ ਮਨੀਸ਼ ਸਿਸੋਦੀਆ ‘ਤੇ ਮੁਕੱਦਮਾ ਚਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਭਾਜਪਾ ਦੇ ਬੁਲਾਰੇ ਹਰੀਸ਼ ਖੁਰਾਣਾ ਨੇ ਕਿਹਾ ਹੈ ਕਿ ਭਾਜਪਾ ਇਸ ਮੁੱਦੇ ਨੂੰ ਕਈ ਵਾਰ ਉਠਾ ਚੁੱਕੀ ਹੈ। ਉਨ੍ਹਾਂ ਕਿਹਾ, “ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਇਕ ਯੂਨਿਟ ਬਣਾਈ, ਕੈਮਰੇ ਖਰੀਦੇ ਗਏ ਅਤੇ ਉਸ ਦੇ ਅੰਦਰ ਸਾਰੇ ਅਧਿਕਾਰੀ ਨਿਯੁਕਤ ਕੀਤੇ ਗਏ। ਉਨ੍ਹਾਂ ਨੇ ਕਈ ਮੀਡੀਆ ਸੰਸਥਾਵਾਂ ਦੇ ਅਧਿਕਾਰੀਆਂ ਦੀ ਗੈਰ-ਕਾਨੂੰਨੀ ਜਾਸੂਸੀ ਵੀ ਕਰਵਾਈ ਹੈ।” ਇਸ ਦੇ ਨਾਲ ਹੀ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਵੀ ਇਸ ਪੂਰੇ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ਆਪਣੇ ਵਿਰੋਧੀਆਂ ‘ਤੇ ਝੂਠੇ ਕੇਸ ਦਰਜ ਕਰਨਾ ਕਮਜ਼ੋਰ ਅਤੇ ਕਾਇਰ ਵਿਅਕਤੀ ਦੀ ਨਿਸ਼ਾਨੀ ਹੈ। ਉਨ੍ਹਾਂ ਲਿਖਿਆ, “ਜਿਵੇਂ ਜਿਵੇਂ ਆਮ ਆਦਮੀ ਪਾਰਟੀ ਵਧੇਗੀ, ਸਾਡੇ ਖ਼ਿਲਾਫ਼ ਹੋਰ ਵੀ ਕਈ ਕੇਸ ਦਰਜ ਕੀਤੇ ਜਾਣਗੇ।”