ਡੈਸਕ- ਗਰਮੀ-ਸਰਦੀ ਦੀ ਲੁਕਨ ਮੀਟੀ ਦੇ ਵਿਚਕਾਰ ਪੰਜਾਬ ਚ ਬਰਸਾਤ ਸ਼ੁਰੂ ਹੋ ਗਈ ਹੈ । ਦੋ ਦਿਨ ਤੋਂ ਹੀ ਤੇਜ਼ ਅਤੇ ਠੰਡੀਆਂ ਹਵਾਵਾਂ ਦਾ ਦੌਰ ਸ਼ੁਰੂ ਹੋ ਗਿਆ ਸੀ । ਦੇਰ ਰਾਤ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ । ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 17 ਤੋਂ 21 ਮਾਰਚ ਤੱਕ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। ਪੰਜਾਬ ਵਿਚ ਅਗਲੇ ਚਾਰ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। IMD ਮੁਤਾਬਕ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਸੂਬੇ ਦੀਆਂ ਕੁਝ ਥਾਵਾਂ ‘ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਮੀਂਹ ਵੀ ਪਵੇਗਾ ਜਦੋਂ ਕਿ 19 ਤੇ 20 ਮਾਰਚ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੌਸਮ ਦੇ ਮਿਜਾਜ਼ ਵਿਗੜੇ ਰਹਿਣਗੇ।
ਇਸੇ ਤਰ੍ਹਾਂ ਹਰਿਆਣਾ ਦੇ 18 ਜ਼ਿਲ੍ਹਿਆਂ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਨੂੰਹ ਫਰੀਦਾਬਾਦ, ਰੋਹਤਕ, ਸੋਨੀਪਤ, ਪਾਨੀਪਤ, ਸਿਰਸਾ, ਫਤਿਆਬਾਦ, ਹਿਸਾਰ ਤੇ ਚਰਖੀ ਦਾਦਰੀ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਥਾਵਾਂ ‘ਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅਗਲੇ 5 ਦਿਨਾਂ ਵਿਚ ਅਧਿਕਤਮ ਤਾਪਮਾਨ ਵਿਚ 3 ਤੋਂ 5 ਡਿਗਰੀ ਦੀ ਗਿਰਾਵਟ ਦੀ ਵੀ ਸੰਭਾਵਨਾ ਹੈ। ਮੌਸਮ ਵਿਚ ਇਹ ਬਦਲਾਅ ਪੱਛਮੀ ਗੜਬੜੀ ਕਾਰਨ ਦੱਸਿਆ ਗਿਆ ਹੈ। ਇਸ ਦਾ ਵੱਡਾ ਅਸਰ ਸਰ੍ਹੋਂ ਦੀ ਖਰੀਦ ‘ਤੇ ਪੈ ਸਕਦਾ ਹੈ ਕਿਉਂਕਿ ਹਰਿਆਣਾ ਦੇ ਜਿਹੜੇ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਕਈ ਜ਼ਿਲ੍ਹੇ ਸਰੋਂ ਦੀ ਖੇਤੀ ਲਈ ਜਾਣੇ ਜਾਂਦੇ ਹਨ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਬੁੱਧਵਾਰ ਦੇ ਮੁਕਾਬਲੇ ਵੀਰਵਾਰ ਨੂੰ ਅਧਿਕਤਮ ਤਾਪਮਾਨ ਵਿਚ 0.3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਇਹ ਸਾਧਾਰਨ ਤੋਂ 4.9 ਡਿਗਰੀ ਜ਼ਿਆਦਾ ਸੀ। ਪਟਿਆਲਾ 34.0 ਡਿਗਰੀ ਦੇ ਅਧਿਕਤਮ ਤਾਪਮਾਨ ਦੇ ਨਾਲ ਸਭ ਤੋਂ ਗਰਮ ਰਿਹਾ। ਹੁਸ਼ਿਆਰਪੁਰ ਦਾ ਅਧਿਕਤਮ ਤਾਪਮਾਨ 32.5 ਡਿਗਰੀ, ਅੰਮ੍ਰਿਤਸਰ ਦਾ 30.2, ਲੁਧਿਆਣਾ ਦਾ 31.4, ਬਠਿੰਡਾ ਦੇ 30.6 ਤੇ ਫਿਰੋਜ਼ਪੁਰ ਦਾ 30.2 ਡਿਗਰੀ ਦਰਜ ਕੀਤਾ ਗਿਆ।