ਨਾਕੇ ਤੋਂ ਫਰਾਰ ਹੋਏ ਅੰਮ੍ਰਿਤਪਾਲ ਦੇ ਚਾਚਾ ਅਤੇ ਡਰਾਈਵਰ ਨੇ ਕੀਤਾ ਸਰੰਡਰ

ਡੈਸਕ- ਚਾਹੇ ਅੰਮ੍ਰਿਤਪਾਲ ਸਿੰਘ ਅਜੇ ਤੱਕ ਪੁਲਿਸ ਨੂੰ ਮਗਰ ਮਗਰ ਭਜਾ ਰਿਹਾ ਹੈ ,ਪਰ ਉਸਦੇ ਪਰਿਵਾਰਕ ਮੈਂਬਰ ਹੁਣ ਆਪ ਹੀ ਸਰੰਡਰ ਹੋ ਰਹੇ ਹਨ । ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਉਸ ਦੇ ਡਰਾਈਵਰ ਨੇ ਐਤਵਾਰ ਦੇਰ ਰਾਤ ਪੰਜਾਬ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਸ਼ਨੀਵਾਰ ਨੂੰ ਅੰਮ੍ਰਿਤਪਾਲ ਦੇ ਨਾਲ ਉਸ ਦਾ ਚਾਚਾ ਹਰਜੀਤ ਸਿੰਘ ਵੀ ਕਾਰ ਵਿੱਚ ਮੌਜੂਦ ਸੀ।

ਅੰਮ੍ਰਿਤਪਾਲ ਦੇ ਨਾਲ ਹੀ ਉਸ ਦਾ ਚਾਚਾ ਅਤੇ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਪੁਲਿਸ ਨਾਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਇਹ ਜਾਣਕਾਰੀ ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਦਿੱਤੀ। ਉਧਰ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਚੱਲ ਰਹੀ ਕਾਰਵਾਈ ਦੇ ਸਿਲਸਿਲੇ ਤਹਿਤ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਇਥੇ ਖਿਲਚੀਆਂ ਥਾਣੇ ਵਿਚ ਅਸਲਾ ਐਕਟ ਹੇਠ ਇਕ ਨਵਾਂ ਕੇਸ ਦਰਜ ਕੀਤਾ ਗਿਆ ਹੈ।

ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਗ੍ਰਿਫ਼ਤਾਰ ਕੀਤੇ ਸਾਥੀਆਂ ਕੋਲੋਂ ਹਥਿਆਰ ਤੇ ਗੋਲੀਆਂ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਚੋਂ ਇਕ ਹਥਿਆਰ ਲਾਇਸੰਸੀ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਬਠਿੰਡਾ ਵਾਸੀ ਗੁਰਭੇਜ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੇ ਕਹਿਣ ’ਤੇ ਇਨ੍ਹਾਂ ਵਿਅਕਤੀਆਂ ਨੂੰ ਦਿੱਤੇ ਸਨ।

ਇਸ ਸਬੰਧੀ ਦਰਜ ਕੀਤੇ ਗਏ ਕੇਸ ਵਿਚ ਅੰਮ੍ਰਿਤਪਾਲ ਅਤੇ ਗੁਰਭੇਜ ਸਿੰਘ ਤੋਂ ਇਲਾਵਾ ਹਰਮਿੰਦਰ ਸਿੰਘ, ਗੁਰਬੀਰ ਸਿੰਘ, ਅਜੈਪਾਲ ਸਿੰਘ, ਬਲਜਿੰਦਰ ਸਿੰਘ, ਅਮਨਦੀਪ ਸਿੰਘ, ਸਵਨੀਤ ਸਿੰਘ ਅਤੇ ਗੁਰਲਾਲ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਨ੍ਹਾਂ ਨੂੰ ਇੱਥੇ ਬਾਬਾ ਬਕਾਲਾ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਨੇ ਪੁੱਛ ਪੜਤਾਲ ਵਾਸਤੇ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਕੋਲੋਂ .12 ਬੋਰ ਦੀਆਂ 6 ਰਾਈਫਲਾਂ ਅਤੇ 193 ਗੋਲ਼ੀਆਂ ਮਿਲੀਆਂ ਹਨ ਜੋ ਗੈਰਕਾਨੂੰਨੀ ਹਨ। ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਇੱਕ 27 ਮੈਂਬਰੀ ਟੀਮ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚੋਂ ਚਾਰ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਛੱਡਣ ਲਈ ਗਈ ਹੈ।