ਅੰਮ੍ਰਿਤਪਾਲ ਦਾ ਗਨਮੈਨ ਤਜਿੰਦਰ ਸਿੰਘ ਗੋਰਖ ਬਾਬਾ ਖੰਨਾ ਪੁਲਿਸ ਨੇ ਕੀਤਾ ਗ੍ਰਿਫਤਾਰ

ਖੰਨਾ- ‘ ਵਾਰਿਸ ਪੰਜਾਬ ਦ’ੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤਾਂ ਅਜੇ ਤਕ ਪੰਜਾਬ ਪੁਲਿਸ ਜਾਂ ਏਜੰਸੀਆਂ ਦੇ ਹੱਥ ਨਹੀਂ ਲੱਗੇ ਹਨ । ਪਰ ਪੁਲਿਸ ਉਨ੍ਹਾਂ ਦੇ ਘੇਰੇ ਨੂੰ ਘੇਰ ਰਹੀ ਹੈ । ਭਰਾ, ਰਿਸ਼ਤੇਦਾਰ,ਡਰਾਈਵਰ ਅਤੇ ਸਮਰਥਕਾਂ ਤੋਂ ਬਾਅਦ ਹੁਣ ਅੰਮ੍ਰਿਤਪਾਲ ਦੇ ਗਨਮੈਨ ਵੀ ਕਾਬੂ ਕੀਤੇ ਜਾ ਰਹੇ ਹਨ । ਖੰਨਾ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ। ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਰਖਾ ਬਾਬਾ ਖੰਨਾ ਦੇ ਥਾਣਾ ਮਲੌਦ ਦੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਹੈ।

ਹਾਸਲ ਜਾਣਕਾਰੀ ਮੁਤਾਬਕ ਗੋਰਖਾ ਬਾਬਾ ਅਕਸਰ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਸੀ। ਉਹ ਅਜਨਾਲਾ ਕਾਂਡ ਵਿੱਚ ਵੀ ਨਾਮਜ਼ਦ ਦੱਸਿਆ ਜਾ ਰਿਹਾ ਹੈ। ਗੋਰਖਾ ਬਾਬਾ ਅੰਮ੍ਰਿਤਪਾਲ ਦਾ ਗਨਮੈਨ ਬਣ ਕੇ ਰਹਿੰਦਾ ਸੀ। ਦੱਸ ਦਈਏ ਕਿ ਪੰਜਾਬ ਪੁਲਿਸ ਦੀਆਂ ਟੀਮਾਂ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪਿਛਲੇ ਕਈ ਦਿਨਾਂ ਤੋਂ ਛਾਪੇ ਮਾਰ ਰਹੀਆਂ ਹਨ ਪਰ ਅੰਮ੍ਰਿਤਪਾਲ ਸਿੰਘ ਥਹੁ-ਪਤਾ ਨਹੀਂ ਲੱਗ ਰਿਹਾ। ਉਸ ਦੇ 120 ਤੋਂ ਵੱਧ ਸਾਥੀਆਂ ਨੂੰ ਹੁਣ ਤਕ ਵੱਖ-ਵੱਖ ਥਾਂਵਾਂ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਲੁਧਿਆਣਾ ਪੁਲਿਸ ਨੇ ਬੁੱਧਵਾਰ ਨੂੰ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਅੰਮ੍ਰਿਤਪਾਲ ਦੇ ਕਾਫ਼ੀ ਨਜ਼ਦੀਕੀਆਂ ’ਚ ਗਿਣੇ ਜਾਂਦੇ ਹਨ। ਇਨ੍ਹਾਂ ਦੀ ਪਛਾਣ ਹਨੀ ਸਿੰਗਲਾ, ਗੁਰਨਾਮ ਸਿੰਘ, ਸਿਮਰਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਵੱਜੋਂ ਹੋਈ ਹੈ। ਹਨੀ ਸਿੰਗਲਾ ਉਹ ਵਿਅਕਤੀ ਹੈ ਜਿਸ ਨੇ ਅੰਮ੍ਰਿਤਪਾਲ ਵੱਲੋਂ ਕੱਢੀ ਜਾਣ ਵਾਲੀ ਖਾਲਸਾ ਵਹੀਰ ’ਚ ਫੁੱਲਾਂ ਦੀ ਵਰਖਾ ਕਰਨ ਦੀ ਗੱਲ ਕਹੀ ਸੀ।