ਡੈਸਕ- ਮੋਦੀ ਸਰਕਾਰ ਨੇ ਅਆਪਣੇ ਪਹਿਲੇ ਕਾਰਜਕਾਲ ਚ ਬਲੈਕ ਲਿਸਟ ਨੂੰ ਲਗਭਗ ਖਤਮ ਕਰ ਦਿੱਤਾ ਸੀ । ਤਤਕਾਲੀ ਭਾਈਵਾਲ ਪਾਰਟੀ ਅਕਾਲੀ ਦਲ ਸਮੇਤ ਹੋਰ ਸਿੱਖ ਜਥੇਬੰਦੀਆਂ ਨੇ ਇਸਦਾ ਸਵਾਗਤ ਕੀਤਾ ਸੀ । ਧੰਨਵਾਦ ਜਤਾਇਆ ਗਿਆ ਸੀ ਕਿ ਹੁਣ ਲੰਮੇ ਸਮੇਂ ਤੋਂ ਵਿਦੇਸ਼ਾਂ ਚ ਰਹਿ ਰਹੇ ਲੋਕ ਹੁਣ ਆਜ਼ਾਦੀ ਨਾਲ ਭਾਰਤੀ ਸਰਜਮੀਂ ‘ਤੇ ਆ ਸਕਣਗੇ ।ਪਰ ਹੁਣ ਅੰਮ੍ਰਿਤਪਾਲ ਦੇ ਮੁੱਦੇ ‘ਤੇ ਵਿਦੇਸ਼ਾਂ ਚ ਹੋ ਰਹੇ ਪ੍ਰਦਰਸ਼ਨਾਂ ਨੇ ਭਾਰਤ ਸਰਕਾਰ ਨੂੰ ਮੁੜ ਤੋਂ ਬਲੈਕ ਲਿਸਟ ਬਨਾਉਣ ‘ਤੇ ਮਜ਼ਬੂਰ ਕਰ ਦਿੱਤਾ ਹੈ ।ਮਿਲੀ ਜਾਣਕਾਰੀ ਮੁਤਾਬਿਕ ਭਾਰਤ ਸਰਕਾਰ ਨੇ ਲੰਡਨ ਚ ਭਾਰਤੀ ਅੰਬੈਸੀ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਆਪਣੇ ਦੇਸ਼ ਦੇ ਲੋਕਾਂ ‘ਤੇ ਨਜ਼ਰ ਰਖਣੀ ਸ਼ੁਰੂ ਕਰ ਦਿੱਤੀ ਹੈ ।
‘ਵਾਰਿਸ ਪੰਜਾਬ ਦੇ’ ਜਥੇਬੰਦੀ ਖਿਲਾਫ ਐਕਸ਼ਨ ਮਗਰੋਂ ਵਿਦੇਸ਼ਾਂ ਵਿੱਚ ਵਿਰੋਧ ਕਰਨ ਵਾਲਿਆਂ ਖਿਲਾਫ ਭਾਰਤ ਸਰਕਾਰ ਨੇ ਕਾਰਵਾਈ ਵਿੱਢ ਦਿੱਤੀ ਹੈ। ਭਾਰਤੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਵੱਡੀ ਕਾਰਵਾਈ ਕੀਤੀ ਹੈ। ਲੰਡਨ ‘ਚ ਭਾਰਤੀ ਦੂਤਾਵਾਸ ‘ਚ ਖਾਲਿਸਤਾਨ ਸਮਰਥਕਾਂ ਦੇ ਪ੍ਰਦਰਸ਼ਨ ‘ਤੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਯੂਏਪੀਏ ਤੇ ਪੀਡੀਪੀਪੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਜਿਹੇ ਲੋਕਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ ਜੋ ਭਾਰਤ ਦੇ ਨਾਗਰਿਕ ਹਨ ਤੇ ਬਾਹਰ ਰਹਿੰਦੇ ਹਨ ਤੇ ਭਾਰਤ ਵਿਰੋਧੀ ਪ੍ਰਦਰਸ਼ਨ ਦਾ ਹਿੱਸਾ ਰਹੇ ਹਨ।
ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਅੱਠ ਪੁਲਿਸ ਕੇਸ ਦਰਜ ਕੀਤੇ ਹਨ। ਪੁਲਿਸ ਨੇ ਦੱਸਿਆ ਹੈ ਕਿ ਹੁਣ ਤੱਕ 207 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ’ਚੋਂ 30 ਵਿਅਕਤੀਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਕੀਤੇ ਗਏ ਹਨ ਜਦੋਂਕਿ 177 ਜਣਿਆ ਨੂੰ ਧਾਰਾ 107,151 ਤਹਿਤ ਹੀ ਹਿਰਾਸਤ ’ਚ ਰੱਖਿਆ ਹੈ।
ਵੱਡੇ ਪੱਧਰ ਉੱਪਰ ਗ੍ਰਿਫਤਾਰੀਆਂ ਕਰਕੇ ਪੁਲਿਸ ਤੰ ਪੰਜਾਬ ਸਰਕਾਰ ਖਿਲਾਫ ਲੋਕਾਂ ਵਿੱਚ ਰੋਸ ਵਧਣ ਲੱਗਾ ਹੈ। ਸੋਸ਼ਲ ਮੀਡੀਆ ਉੱਪਰ ਗ੍ਰਿਫਤਾਰੀਆਂ ਉੱਪਰ ਸਵਾਲ ਉਠਾਏ ਜਾ ਰਹੇ ਹਨ। ਸਿਆਸੀ ਪਾਰਟੀਆਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ਕਰਕੇ ਸਿਆਸੀ ਤੌਰ ’ਤੇ ਪੰਜਾਬ ਵਿੱਚ ਸਰਕਾਰ ਪ੍ਰਤੀ ਅਜਿਹਾ ਨਜ਼ਰੀਆ ਬਣਨਾ ਸ਼ੁਰੂ ਹੋ ਗਿਆ ਹੈ ਕਿ ਪੰਜਾਬ ਪੁਲਿਸ ਸੂਬੇ ਦੇ ਬੇਕਸੂਰ ਨੌਜਵਾਨਾਂ ਨੂੰ ਫੜ ਰਹੀ ਹੈ।