ਹੁਸ਼ਿਆਰਪੁਰ- ਪੰਜਾਬ ਸਰਕਾਰ ਨੇ ਕੱਲ੍ਹ ਹਾਈਕੋਰਟ ਵਿਚ ਦਾਅਵਾ ਕੀਤਾ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਕਾਫੀ ਨੇੜੇ ਹੈ। ਇਸ ਤੋਂ ਬਾਅਦ ਪੁਲਿਸ ਦੀ ਪਿਛਲੇ ਕੁਝ ਘੰਟਿਆਂ ਦੀ ਕਾਰਵਾਈ ਤੋਂ ਜਾਪ ਰਿਹਾ ਹੈ ਕਿ ਉਸ ਹੱਥ ਅੰਮ੍ਰਿਤਪਾਲ ਸਿੰਘ ਬਾਰੇ ਕੋਈ ਪੱਕੀ ਸੂਹ ਲੱਗੀ ਹੈ, ਜਿਸ ਦੇ ਆਧਾਰ ਉੱਤੇ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਵਿਚ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਸਾਰਾ ਇਲਾਕਾ ਘੇਰਿਆ ਹੋਇਆ ਹੈ ਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਜਾਣਕਾਰੀ ਮਿਲੀ ਹੈ ਕਿ ਹੁਸ਼ਿਆਰਪੁਰ ਦੀ ਫਗਵਾੜਾ ਰੋਡ ਉਤੇ ਪੁਲਿਸ ਵੱਲੋਂ ਇਕ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਪਰ ਸਵਾਰਾਂ ਨੇ ਗੱਡੀ ਬਾਈਪਾਸ ਦੇ ਨਜ਼ਦੀਕ ਲੱਗਦੇ ਪਿੰਡ ਵੱਲ ਮੋੜ ਲਈ ਜਿਸ ਤੋਂ ਬਾਅਦ ਪੁਲਿਸ ਨੇ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਰਾਤ ਸੀਆਈਡੀ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸ਼ੱਕ ਦੇ ਆਧਾਰ ਉੱਤੇ ਇਕ ਇਨੋਵਾ ਕਾਰ ਦਾ ਪਿੱਛਾ ਕੀਤਾ ਜਿਸ ਵਿਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਹੋਣ ਦਾ ਸ਼ੱਕ ਸੀ। ਸ਼ੱਕੀ, ਇਨੋਵਾ ਕਾਰ ਪਿੰਡ ਮਰਨਾਈਆਂ, ਥਾਣਾ ਮਹਿਤਿਆਣਾ, ਦੇ ਗੁਰਦਵਾਰਾ ਭਾਈ ਚੰਚਲ ਸਿੰਘ ਕੋਲ ਛੱਡ ਕੇ ਭੱਜ ਗਏ।
ਇਹ ਕਾਰ ਚਿੱਟੇ ਰੰਗ ਦੀ ਦੱਸੀ ਜਾ ਰਹੀ ਹੈ ਜਿਸ ਦਾ ਨੰਬਰ PB10CK0527 ਸੀ ਅਤੇ ਜੋ ਫਗਵਾੜਾ ਤੋਂ ਹੁਸ਼ਿਆਰਪੁਰ ਆ ਰਹੀ ਸੀ। ਅਜੇ ਤੱਕ ਕਿਸੇ ਨੂੰ ਕਾਬੂ ਨਹੀਂ ਕੀਤਾ ਗਿਆ ਹੈ ਅਤੇ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਢੇ 8 ਵਜੇ ਦੇ ਕਰੀਬ ਇਕ ਇਨੋਵਾ ਕਾਰ ਸਾਡੇ ਪਿੰਡ ਵਿੱਚ ਦਾਖ਼ਲ ਹੋਈ ਅਤੇ ਗੁਰਦੁਆਰਾ ਸਾਹਿਬ ਵੱਲ ਨਿਕਲੀ। ਫਿਰ ਇੱਕ ਫਾਰਚੂਨਰ ਕਾਰ ਉਸ ਦੇ ਪਿੱਛੇ ਸੀ ਅਤੇ ਪੁਲਿਸ ਦੀਆਂ ਗੱਡੀਆਂ ਵੀ ਸਨ।
ਪਰ ਅੱਗੇ ਰਸਤਾ ਬੰਦ ਹੋਣ ਕਾਰਨ ਇਨੋਵਾ ਸਵਾਰ ਨੌਜਵਾਨ ਕੰਧ ਟੱਪ ਕੇ ਉਥੋਂ ਫਰਾਰ ਹੋ ਗਏ, ਹਾਲਾਂਕਿ ਸਾਡੇ ਪਿੰਡ ਦੇ ਹਰ ਘਰ ਦੀ ਤਲਾਸ਼ੀ ਲਈ ਗਈ ਹੈ। ਇਨੋਵਾ ਕਾਰ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਵੀ ਕੱਲ੍ਹ ਅੰਮ੍ਰਿਤਪਾਲ ਸਿੰਘ ਨੂੰ ਜਲਦੀ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਦੇ ਨੇੜੇ ਪੁੱਜ ਗਈ ਹੈ।
ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕੱਲ੍ਹ ਅੰਮ੍ਰਿਤਪਾਲ ਸਿੰਘ ਨੂੰ ਜਲਦੀ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਐਡਵੋਕੇਟ ਜਨਰਲ (ਏਜੀ) ਨੇ ਅਦਾਲਤ ਵਿਚ ਕਿਹਾ ਕਿ ਸੂਬਾ ਸਰਕਾਰ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਨੇੜੇ ਹੈ। ਇਸ ਦਾਅਵੇ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਕੋਲ ਕੋਈ ਠੋਸ ਆਧਾਰ ਹੋਵੇਗਾ, ਜਿਸ ਤੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਹੁਣ ਦੂਰ ਨਹੀਂ ਜਾਪਦੀ ਹੈ।
ਐਡਵੋਕੇਟ ਜਨਰਲ ਨੇ ਮੁੜ ਸਪਸ਼ਟ ਕੀਤਾ ਹੈ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਹੈ ਅਤੇ ਰਾਜ ਸਰਕਾਰ ਅੰਮ੍ਰਿਤਪਾਲ ਨੂੰ ਫੜਨ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਚੇਤੇ ਰਹੇ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਪਿਛਲੇ ਦਿਨਾਂ ਵਿਚ ਹਾਈ ਕੋਰਟ ਵਿਚ ਦਾਇਰ ਹੋਈ ਸੀ। ਪਟੀਸ਼ਨਰ ਨੇ ਕਿਹਾ ਸੀ ਕਿ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਪੁਲਿਸ ਸਟੇਸ਼ਨ ’ਚ ਅੰਮ੍ਰਿਤਪਾਲ ਸਿੰਘ ਗ਼ੈਰਕਾਨੂੰਨੀ ਹਿਰਾਸਤ ਵਿਚ ਹੈ। ਅੰਮ੍ਰਿਤਪਾਲ ਸਿੰਘ ਦੇ ਵਾਰਸਾਂ ਦੇ ਵਕੀਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ 18 ਮਾਰਚ ਦੀ ਸੀਸੀਟੀਵੀ ਫੁਟੇਜ ਵੀ ਹੈ।
ਕੋਰਟ ਨੇ ਪਟੀਸ਼ਨਰ ਦੇ ਵਕੀਲ ਨੂੰ ਅੰਮ੍ਰਿਤਪਾਲ ਸਿੰਘ ਦੀ ਗ਼ੈਰਕਾਨੂੰਨੀ ਹਿਰਾਸਤ ਬਾਰੇ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਜਸਟਿਸ ਐੱਨ.ਐੱਸ. ਸ਼ੇਖਾਵਤ ਨੇ ਕਿਹਾ ਕਿ ਸੂਬਾ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਸਟੈਂਡ ’ਤੇ ਕਾਇਮ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਇਸ ਬਾਰੇ ਨਵਾਂ ਹਲਫ਼ਨਾਮਾ ਦਾਇਰ ਕਰਨ ਤੇ ਪਟੀਸ਼ਨਰ ਦੇ ਵਕੀਲ ਨੂੰ ਠੋਸ ਤੱਥ ਰਿਕਾਰਡ ’ਤੇ ਰੱਖਣ ਦੀ ਹਦਾਇਤ ਕੀਤੀ।