ਬਿਜਲੀ ਸੰਕਟ: ਬਿਜਲੀ ਕੱਟਾਂ ਤੋਂ ਤੰਗ ਆਏ ਲੋਕਾਂ ਨੇ ਗਰਿੱਡ ਵਿਚ ਜਾ ਕੇ ਕੀਤੀ ਭੰਨ-ਤੋੜ

ਬਰਨਾਲਾ : ਸੂਬਾ ਪੰਜਾਬ ਵਿੱਚ ਬਿਜਲੀ ਦਾ ਸੰਕਟ ਦਿਨ ਪ੍ਰਤੀ ਦਿਨ ਗਹਿਰਾਉਂਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਧਰਨੇ ਪ੍ਰਦਰਸ਼ਨ ਕਰਨੇ ਕਰ ਰਹੀਆਂ ਹਨ ਉੱਥੇ ਹੀ ਆਮ ਲੋਕਾਂ ਵੱਲੋਂ ਵੀ ਬਿਜਲੀ ਗਰਿੱਡਾਂ ਉਤੇ ਜਾ ਕੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਅਜਿਹੀ ਹੀ ਇਕ ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਸਾਹਮਣੇ ਆਈ। ਇੱਥੇ ਬਿਜਲੀ ਕੱਟਾਂ ਤੋਂ ਤੰਗ ਆਏ ਕੁਝ ਲੋਕਾਂ ਨੇ ਬਿਜਲੀ ਗਰਿੱਡ ਵਿਚ ਭੰਨ- ਤੋੜ ਕਰ ਦਿੱਤੀ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਕਈ ਥਾਂਵਾਂ ‘ਤੇ ਪਾਵਰਕੌਮ ਦੇ ਗਰਿੱਡ ਅਤੇ ਗਰਿੱਡ ਅਧਿਕਾਰੀਆਂ ਨੂੰ ਲੋਕਾਂ ਵੱਲੋਂ ਘੇਰਿਆ ਜਾ ਚੁੱਕਾ ਹੈ ਅਤੇ ਬਿਜਲੀ ਕੱਟ ਨਾ ਲਾਉਣ ਦੇ ਵਾਅਦੇ ਲਏ ਗਏ।

ਦੂਜੇ ਪਾਸੇ ਵਧ ਰਹੇ ਬਿਜਲੀ ਸੰਕਟ ਨੂੰ ਦੇਖਦਿਆਂ ਪਾਵਰਕੌਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘੱਟ ਤੋਂ ਘੱਟ ਬਿਜਲੀ ਖਰਚ ਕੀਤੀ ਜਾਵੇ ਅਤੇ ਤਿੰਨ ਦਿਨ ਤੱਕ ਏ.ਸੀ. ਬੰਦ ਰੱਖੇ ਜਾਣ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਘੱਟ ਤੋਂ ਘੱਟ ਉਪਕਰਣਾਂ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਇਸ ਸੰਕਟ ਦਾ ਮੁਕਾਬਲਾ ਕੀਤਾ ਜਾ ਸਕੇ।

ਟੀਵੀ ਪੰਜਾਬ ਬਿਊਰੋ