ਜਲੰਧਰ – ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ ਦਾਖਲ ਕੀਤੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਜਲੰਧਰ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿਚ ਕਪੂਰਥਲਾ ਰੋਡ ਸਥਿਤ ਗਾਂਧੀ ਵਨੀਤਾ ਆਸ਼ਰਮ ਪੁੱਡਾ ਗਰਾਊਂਡ ਵਿਖੇ ਭਾਜਪਾ ਵੱਲੋਂ ਇੱਕ ਵਿਸ਼ਾਲ ਚੋਣ ਰੈਲੀ ਕੀਤੀ ਗਈ, ਜਿਸ ਵਿਚ ਭਾਜਪਾ ਪੰਜਾਬ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ, ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਲੋਕ ਸਭਾ ਉਪ ਚੋਣ ਇੰਚਾਰਜ ਡਾ: ਮਹਿੰਦਰ ਸਿੰਘ, ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏI ਇਸ ਰੈਲੀ ਵਿੱਚ ਪੁੱਜਣ ਲਈ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਅਤੇ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਟਰੈਕਟਰਾਂ ’ਤੇ ਚੜ੍ਹ ਕੇ ਸ਼ਮੂਲੀਅਤ ਕੀਤੀ, ਜਿਸ ਕਾਰਨ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਭਾਜਪਾ ਉਮੀਦਵਾਰ ਰਿੰਕੂ ਅਟਵਾਲ ਦੇ ਹੱਕ ਵਿੱਚ ਹੁੰਕਾਰ ਭਰੀ। ਨੌਜਵਾਨਾਂ ਨੇ ਵੀ ਭਾਜਪਾ ਉਮੀਦਵਾਰ ਅਟਵਾਲ ਦੇ ਹੱਕ ਵਿੱਚ ਹਮਾਇਤ ਦਿਖਾਈ ਅਤੇ ਨਾਮਜ਼ਦਗੀ ਭਰਨ ਸਮੇਂ ਕਾਫਲੇ ਦੇ ਰੂਪ ਵਿੱਚ ਭਾਜਪਾ ਲੀਡਰਸ਼ਿਪ ਦੀ ਅਗਵਾਈ ਕੀਤੀ।
ਅਸ਼ਵਨੀ ਸ਼ਰਮਾ ਨੇ ਰੈਲੀ ਵਿੱਚ ਆਪਣੇ ਸੰਬੋਧਨ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਜਨਤਾ ਨੂੰ ਝੂਠੇ ਵਾਅਦਿਆਂ ਦੀ ਸੱਚਾਈ ਪਤਾ ਲੱਗ ਗਈ ਸੀ। ਇਹੀ ਕਾਰਨ ਹੈ ਕਿ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ‘ਚ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੀਟ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਭਗਵੰਤ ਮਾਨ ਨੂੰ ਜਵਾਬ ਦਿੱਤਾ ਸੀ ਅਤੇ ਹੁਣ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਵੀ ਲੋਕਾਂ ਨੇ ਇਕ ਵਾਰ ਫਿਰ ਆਪ ਉਮੀਦਵਾਰ ਨੂੰ ਹਰਾ ਕੇ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਗੇ। ਇੱਕ ਸਾਲ ਬੀਤ ਜਾਣ ਤੋਂ ਬਾਅਦ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਸੂਬੇ ਦੇ ਲੋਕ ‘ਆਪ’ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਬਦਲਾਅ ਚਾਹੁੰਦੇ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ, ਪਰ ਅਜੇ ਤੱਕ ਪੂਰੇ ਨਹੀਂ ਕੀਤੇ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੈ, ਕਤਲ, ਡਕੈਤੀਆਂ, ਫਿਰੌਤੀ, ਲੁੱਟ-ਖੋਹ ਆਦਿ ਦੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ ਅਤੇ ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਨੂੰ ਠੱਲ੍ਹ ਪਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਪੰਜਾਬ ਵਿੱਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਅਜਿਹੀ ਸਥਿਤੀ ਵਿੱਚ ਪੰਜਾਬ ਵਿੱਚ ਨਿਵੇਸ਼ ਕਿੱਥੋਂ ਆਵੇਗਾ ਅਤੇ ਰੁਜ਼ਗਾਰ ਦੇ ਮੌਕੇ ਕਿਵੇਂ ਪੈਦਾ ਹੋਣਗੇ? ਲੋਕ ਹੁਣ ਭਾਜਪਾ ਸ਼ਾਸਤ ਰਾਜਾਂ ਜਿਵੇਂ ਕਿ ਗੁਜਰਾਤ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਅਤੇ ਹਰਿਆਣਾ ਵਿੱਚ ਤਰੱਕੀ ਦੇ ਨਵੇਂ ਮੀਲ ਪੱਥਰ ਦੇਖ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਜਪਾ ਹੀ ਹੁਣ ਪੰਜਾਬ ਦਾ ਭਵਿੱਖ ਹੈ ਅਤੇ ਪੰਜਾਬ ਦੇ ਮਾੜੇ ਹਾਲਾਤ ਵੀ ਭਾਜਪਾ ਹੀ ਸੁਧਾਰ ਸਕਦੀ ਹੈ। ਇਸ ਲਈ ਲੋਕਾਂ ਨੇ ਹੁਣ ਭਾਜਪਾ ਨੂੰ ਪੰਜਾਬ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਦੀ ਸ਼ੁਰੂਆਤ ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਨਾਲ ਹੋਵੇਗੀ ਅਤੇ ਭਾਜਪਾ ਇਸ ਸੀਟ ਨੂੰ ਵੱਡੇ ਫਰਕ ਨਾਲ ਜਿੱਤੇਗੀ। ਜਨਤਾ ਭਾਰਤੀ ਜਨਤਾ ਪਾਰਟੀ ਨੂੰ ਬਦਲ ਵਜੋਂ ਦੇਖ ਰਹੀ ਹੈ ਅਤੇ ਇਸ ਵਾਰ ਜਲੰਧਰ ਦੀਆਂ ਲੋਕ ਸਭਾ ਚੋਣ ਵਿੱਚ ਭਾਜਪਾ ਉਮੀਦਵਾਰ ਨੂੰ ਜੇਤੂ ਬਣਾ ਕੇ ਲੋਕ ਸਭਾ ਵਿੱਚ ਭੇਜੇਗੀ ਅਤੇ ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੀ ਚੋਣ ਜਿੱਤ ਦੀ ਸ਼ੁਰੂਆਤ ਕਰੇਗੀ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਜ਼ਿਮਨੀ ਚੋਣ ਵਿਚ ਭਾਜਪਾ ਯਕੀਨੀ ਤੌਰ ‘ਤੇ ਜਿੱਤ ਪ੍ਰਾਪਤ ਕਰੇਗੀ ਅਤੇ ਭਾਜਪਾ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ, ਕਿਉਂਕਿ ਲੋਕ ਹੁਣ ਭਾਜਪਾ ਨੂੰ ਪੰਜਾਬ ਦੀ ਸੱਤਾ ਵਿਚ ਲਿਆਉਣ ਦਾ ਮਨ ਬਣਾ ਚੁੱਕੇ ਹਨ। ਹੁਣ ਜਲੰਧਰ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਜੇਕਰ ਇਸ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਜਿੱਤ ਜਾਂਦੇ ਹਨ ਤਾਂ ਉਹ ਜਲੰਧਰ ਦੇ ਵਿਕਾਸ ਲਈ ਕੇਂਦਰ ਸਰਕਾਰ ਨਾਲ ਵਧੀਆ ਤਾਲਮੇਲ ਕਰਕੇ ਜਲੰਧਰ ਦਾ ਵਿਕਾਸ ਕਰਵਾ ਸਕਦੇ ਹਨ। ਕਿਉਂਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਪਿਛਲੇ ਇੱਕ ਸਾਲ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਲੰਧਰ ਦੇ ਵਿਕਾਸ ਲਈ ਭੇਜੇ ਫੰਡਾਂ ਦੀ ਵਰਤੋਂ ਨਹੀਂ ਕੀਤੀ ਅਤੇ ਅੱਜ ਜਲੰਧਰ ਦੀ ਹਾਲਤ ਤਰਸਯੋਗ ਬਣ ਗਈ ਹੈ।
ਸੁਨੀਲ ਜਾਖੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ 92 ਵਿਧਾਇਕ ਹਨ ਪਰ ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਗਰੂਰ ਲੋਕ ਸਭਾ ਸੀਟ ਹਾਰ ਜਾਣਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਾਰਟੀ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਆਮ ਆਦਮੀ ਪਾਰਟੀ ਨੂੰ ਜਲੰਧਰ ਵਿੱਚ ਚੋਣ ਲੜਨ ਲਈ ਵੀ ਕੋਈ ਚਿਹਰਾ ਨਹੀਂ ਲੱਭ ਸਕਿਆ। ਆਮ ਆਦਮੀ ਪਾਰਟੀ ਨੂੰ ਕਿਉਂ ਇੱਕ ਕਾਂਗਰਸੀ ਨੂੰ ਆਪਣਾ ਉਮੀਦਵਾਰ ਬਣਾਉਣਾ ਪਿਆ ਅਤੇ ਉਹ ਵੀ ਚੋਣ ਹਾਰਿਆ ਹੋਇਆ? ਜਨਤਾ ਸਭ ਕੁਝ ਦੇਖ ਅਤੇ ਸਮਝ ਰਹੀ ਹੈ। ਭਾਜਪਾ ਨਿਸ਼ਚਿਤ ਤੌਰ ‘ਤੇ ਜ਼ਮੀਨੀ ਪੱਧਰ ‘ਤੇ ਬਹੁਤ ਮਜ਼ਬੂਤ ਹੈ ਅਤੇ ਇਸ ਨੇ ਇਸ ਚੋਣ ਵਿਚ ਪਾਰਟੀ ਦੇ ਛੋਟੇ ਤੋਂ ਛੋਟੇ ਵਰਕਰ ਅਤੇ ਵੱਡੇ ਨੇਤਾ ਦੀ ਡਿਊਟੀ ਲਗਾਈ ਹੈ ਅਤੇ ਪਾਰਟੀ ਇਹ ਚੋਣ ਬਹੁਤ ਹੀ ਮਜ਼ਬੂਤ ਰਣਨੀਤੀ ਨਾਲ ਲੜ ਰਹੀ ਹੈ। ਵਰਕਰਾਂ ਦੀ ਮਿਹਨਤ ਸਦਕਾ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਇਸ ਚੋਣ ਵਿਚ ਜਨਤਾ ਦੇ ਸਮਰਥਨ ਨਾਲ ਭਾਰੀ ਬਹੁਮਤ ਹਾਸਿਲ ਕਰ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜਣਗੇI
ਹੰਸ ਰਾਜ ਹੰਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਜ ਦੇਸ਼ ਰੋਜ਼ ਨਵਾਂ ਇਤਿਹਾਸ ਲਿਖ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੇ ਵਿਕਸਤ ਦੇਸ਼ਾਂ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ ਅਤੇ ਹੁਣ ਇਹ ਤੀਜਾ ਸਭ ਤੋਂ ਵੱਡਾ ਆਰਥਿਕਤਾ ਵਾਲਾ ਦੇਸ਼ ਬਣਨ ਦੇ ਨੇੜੇ ਹੈ। ਉਹਨਾਂ ਕਿਹਾ ਕਿ ਇਹ ਮੋਦੀ ਹੈ ਤੇ ਮੁਮਕਿਨ ਹੈI ਹੰਸ ਰਾਜ ਹੰਸ ਨੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿਚ ਵੋਟ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਣI
ਇੰਦਰ ਇਕਬਾਲ ਸਿੰਘ ਅਟਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਵਿਕਾਸ ਦੀ ਧਾਰਾ ਵਗ ਰਹੀ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਨੀਤੀਆਂ ਦਾ ਲਾਭ ਹਰ ਘਰ ਤੱਕ ਪੁੱਜ ਰਿਹਾ ਹੈ। ਅਟਵਾਲ ਨੇ ਜਲੰਧਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਜ਼ਿਲ੍ਹੇ ਦੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਕਰਨਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੇ ਹੋਰਨਾਂ ਰਾਜਾਂ ਦੇ ਜ਼ਿਲ੍ਹਿਆਂ ਵਿੱਚ ਜੋ ਵਿਕਾਸ ਹੋ ਰਿਹਾ ਹੈ, ਅਜਿਹਾ ਜਲੰਧਰ ਵਿੱਚ ਵੀ ਵਿਕਾਸ ਹੋਵੇ ਉਸ ਲਈ ਉਨ੍ਹਾਂ ਵਲੋਂ ਇਹ ਪਹਿਲ ਦੇ ਆਧਾਰ ‘ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਜਨਤਾ ਦੀ ਸੇਵਾ ਲਈ ਤਤਪਰ ਰਹਿੰਦੇ ਸਨ ਅਤੇ ਹੁਣ ਵੀ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਨਜ਼ਰ ਆਉਣਗੇ।
ਇਸ ਵਿਸ਼ਾਲ ਰੈਲੀ ਨੂੰ ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ, ਵਿਨੋਦ ਚਾਵੜਾ, ਹੰਸ ਰਾਜ ਹੰਸ, ਅਵਿਨਾਸ਼ ਰਾਏ ਖੰਨਾ, ਸ਼ਵੇਤ ਮਲਿਕ, ਕੌਮੀ ਬੁਲਾਰੇ ਆਰ. ਪੀ. ਸਿੰਘ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਬਿਕਰਮਜੀਤ ਸਿੰਘ ਚੀਮਾ ਅਤੇ ਮੋਨਾ ਜੈਸਵਾਲ, ਮੀਤ ਪ੍ਰਧਾਨ ਡਾ: ਰਾਜ ਕੁਮਾਰ ਵੇਰਕਾ, ਡਾ. ਫਤਿਹਜੰਗ ਸਿੰਘ ਬਾਜਵਾ, ਰਾਕੇਸ਼ ਰਾਠੌਰ, ਮਨਪ੍ਰੀਤ ਬਾਦਲ, ਡਾ: ਸੁਭਾਸ਼ ਸ਼ਰਮਾ, ਮਨੋਰੰਜਨ ਕਾਲੀਆ, ਤੀਕਸ਼ਨ ਸੂਦ, ਜੈਵੀਰ ਸ਼ੇਰਗਿੱਲ, ਬੀਬੀ ਜੈਇੰਦਰ ਕੌਰ ਆਦਿ ਸਮੇਤ ਸੂਆਬੀ ਅਤੇ ਜ਼ਿਲ੍ਹਾ ਲੀਡਰਸ਼ਿਪ ਵੀ ਹਾਜ਼ਰ ਸਨI