ਚੰਡੀਗੜ੍ਹ- ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। CM ਮਾਨ ਨੇ ਵਿਸਤਾਰ ਨਾਲ ਪੂਰੇ ਆਪ੍ਰੇਸ਼ਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਹੀ ਕਾਰਵਾਈ ਬਾਰੇ ਬੀਤੀ ਰਾਤ ਤੋਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲ ਗਈ ਸੀ। ਮੈਂ ਪੂਰੀ ਰਾਤ ਨਹੀਂ ਸੁੱਤਾ। ਸੀਨੀਅਰ ਅਧਿਕਾਰੀਆਂ ਤੋਂ ਮੈਂ ਪਲ-ਪਲ ਦੀ ਜਾਣਕਾਰੀ ਲਈ। ਮੈਂ ਚਾਹੁੰਦਾ ਸੀ ਕਿ ਸ਼ਾਂਤੀਪੂਰਵਕ ਕਾਰਵਾਈ ਹੋਵੇ।
CM ਮਾਨ ਨੇ ਕਿਹਾ ਕਿ 18 ਮਾਰਚ ਨੂੰ ਹੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਉਸ ਦਿਨ ਗੋਲੀ ਚੱਲ ਜਾਂਦੀ। ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਖੂਨ ਖਰਾਬਾ ਹੋਵੇ। ਜਿਸ ਦਿਨ ਅਜਨਾਲਾ ਥਾਣੇ ਦੇ ਅੱਗੇ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਗਏ ਤਾਂ ਇਸ ਬਾਰੇ ਜਦੋਂ ਡੀਜੀਪੀ ਨੇ ਮੈਨੂੰ ਦੱਸਿਆ ਤਾਂ ਮੈਂ ਉਨ੍ਹਾਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਕੁਝ ਵੀ ਹੋ ਜਾਵੇ ਜਿਸ ਪਾਲਕੀ ਸਾਹਿਬ ਵਿਚ ਗੁਰੂ ਸਾਹਿਬ ਸਵਾਰ ਹਨ, ਉਨ੍ਹਾਂ ਦੀ ਸਵਾਰੀ ‘ਤੇ ਪਾਣੀ ਦਾ ਕੋਈ ਛੀਂਟਾ ਵੀ ਨਹੀਂ ਪੈਣਾ ਚਾਹੀਦਾ, ਕੋਈ ਪੱਥਰ, ਰੋੜਾ ਵੀ ਨਹੀਂ ਵੱਜਣਾ ਚਾਹੀਦਾ ਕਿਉਂਕਿ ਸਾਡੇ ਲਈ ਸਭ ਤੋਂ ਵੱਧ ਗੁਰੂ ਸਾਹਿਬ ਦੀ ਮਰਿਆਦਾ ਅਹਿਮ ਹੈ। ਉਸ ਦਿਨ ਸਾਡੇ ਕੁਝ ਪੁਲਿਸ ਜਵਾਨ ਜਖਮੀ ਵੀ ਹੋਏ, ਸਿਰ ਵਿਚ ਟਾਂਕੇ ਲੱਗੇ ਪਰ ਗੁਰੂ ਸਾਹਿਬ ਦੀ ਮਰਿਆਦਾ ਲਈ ਖੁਦ ਕੁਰਬਾਨ ਹੋਣ ਨੂੰ ਤਿਆਰ ਹਾਂ।
ਅੰਮ੍ਰਿਤਪਾਲ ਸਿੰਘ ਨੂੰ ਫੜ ਲਿਆ ਗਿਆ। ਉਹ ਪੰਜਾਬ ਦੇ ਧੀ-ਪੁੱਤ ਨੂੰ ਗੈਰ ਸਮਾਜਿਕ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਸੀ। CM ਮਾਨ ਨੇ 35 ਦਿਨਾਂ ਤੱਕ ਭਾਈਚਾਰੇ ਦੀ ਪਛਾਣ ਦਿਖਾਉਣ ‘ਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਕਿਉਂਕਿ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਇਆ ਜਿਸ ਨਾਲ ਅਮਨ-ਸ਼ਾਂਤੀ ਨੂੰ ਖਤਰਾ ਪੈਦਾ ਹੋ ਜਾਂਦਾ। ਪੰਜਾਬ ਦੇ ਅਮਨ-ਕਾਨੂੰਨ ਤੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਰੰਤ ਕਾਰਵਾਈ ਕੀਤੀ ਗਈ। ਕੁਝ ਵਿਅਕਤੀ ਦੇਸ਼ ਦੇ ਦੁਸ਼ਮਣਾਂ ਦੇ ਹੱਥਾਂ ਵਿਚ ਖੇਡਦੇ ਹੋਏ ਗੈਰ-ਸਮਾਜਿਕ ਗਤੀਵਿਧੀਆਂ ਵਿਚ ਸ਼ਾਮਲ ਸਨ, 18 ਮਾਰਚ ਨੂੰ ਉਨ੍ਹਾਂ ਨੂੰ ਫੜ ਲਿਆ ਗਿਆ।