IPL 2023: ਮੈਚ ਤੋਂ ਬਾਅਦ ਮੈਦਾਨ ‘ਚ ਭਿੜੇ ਗੌਤਮ ਗੰਭੀਰ ਤੇ ਵਿਰਾਟ ਕੋਹਲੀ, ਲੱਗਾ ਜੁਰਮਾਨਾ

IPL 2023 ਦੇ 43ਵੇਂ ਮੈਚ ਵਿੱਚ, ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਸੋਮਵਾਰ ਨੂੰ ਲਖਨਊ ਸੁਪਰਜਾਇੰਟਸ ਨੂੰ 18 ਦੌੜਾਂ ਨਾਲ ਹਰਾਇਆ। ਮੈਚ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਇੱਕ ਦੂਜੇ ਨਾਲ ਭਿੜ ਗਏ। ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ। ਦੋਵਾਂ ਵਿਚਾਲੇ ਗੱਲ ਇੰਨੀ ਵਧ ਗਈ ਕਿ ਦੂਜੇ ਖਿਡਾਰੀਆਂ ਨੂੰ ਦਖਲ ਦੇਣਾ ਪਿਆ।

BCCI ਨੇ ਕੋਹਲੀ ਅਤੇ ਗੰਭੀਰ ‘ਤੇ ਲਗਾਇਆ ਜੁਰਮਾਨਾ
ਬੀਸੀਸੀਆਈ ਨੇ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀ ਲੜਾਈ ‘ਤੇ ਕਾਰਵਾਈ ਕੀਤੀ ਹੈ ਅਤੇ ਦੋਵਾਂ ‘ਤੇ ਭਾਰੀ ਜੁਰਮਾਨਾ ਲਗਾਇਆ ਹੈ। ਲਖਨਊ ਸੁਪਰ ਜਾਇੰਟਸ ਦੇ ਮੈਂਟਰ ਗੌਤਮ ਗੰਭੀਰ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ ਵਿੱਚ ਇੱਕ ਮੈਚ ਦੌਰਾਨ ਆਈਪੀਐਲ ਦੇ ਆਚਾਰ ਸੰਹਿਤਾ ਦੀ ਉਲੰਘਣਾ ਕਰਨ ‘ਤੇ ਮੈਚ ਫੀਸ ਦਾ 100 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਦੋਵਾਂ ਨੇ ਆਈਪੀਐਲ ਕੋਡ ਆਫ਼ ਕੰਡਕਟ ਦੀ ਧਾਰਾ 2.21 ਦੇ ਤਹਿਤ ਲੈਵਲ 2 ਦੇ ਅਪਰਾਧ ਨੂੰ ਸਵੀਕਾਰ ਕੀਤਾ ਹੈ।

ਕੋਹਲੀ ਅਤੇ ਗੰਭੀਰ ਦੀ ਲੜਾਈ ਦਾ ਵੀਡੀਓ ਵਾਇਰਲ
ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਦੋਵੇਂ ਦਿੱਗਜ ਖਿਡਾਰੀਆਂ ਨੂੰ ਲੜਦੇ ਦੇਖਿਆ ਜਾ ਸਕਦਾ ਹੈ। ਬਹਿਸ ਇੰਨੀ ਵਧ ਗਈ ਕਿ ਬਾਕੀ ਖਿਡਾਰੀਆਂ ਅਤੇ ਸਟਾਫ ਨੂੰ ਬਚਾਅ ‘ਤੇ ਆਉਣਾ ਪਿਆ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਲਖਨਊ ਟੀਮ ਦੇ ਕਪਤਾਨ ਕੇਐੱਲ ਰਾਹੁਲ, ਅਮਿਤ ਮਿਸ਼ਰਾ ਅਤੇ ਬੈਂਗਲੁਰੂ ਟੀਮ ਦੇ ਕਪਤਾਨ ਫਾਫ ਡੂ ਪਲੇਸਿਸ ਵੀ ਬਚਾਅ ‘ਚ ਆਏ।