ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਕੱਲ੍ਹ ਹੋਵੇਗੀ ਰਿਹਾਈ

ਡੈਸਕ- ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਧਰਮਸੋਤ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਫਰਵਰੀ ਤੋਂ ਹੀ ਜੇਲ੍ਹ ਵਿਚ ਸਨ। ਮੋਹਾਲੀ ਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਦੇ ਬਾਅਦ ਧਰਮਸੋਤ ਵੱਲੋਂ ਹਾਈਕੋਰਟ ਵਿਚ ਜ਼ਮਾਨਤ ਪਟੀਸ਼ਨ ਲਗਾਈ ਗਈ ਸੀ। ਧਰਮਸੋਤ ਦੀ ਜੇਲ੍ਹ ਤੋਂ ਕੱਲ੍ਹ ਰਿਹਾਈ ਹੋਵੇਗੀ।

ਹਾਈਕੋਰਟ ਦੇ ਜਸਟਿਸ ਵੱਲੋਂ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਪਟੀਸ਼ਨ ‘ਤੇ ਦਿਨ ਵਿਚ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਪਰ ਦੇਰ ਸ਼ਾਮ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ 6 ਫਰਵਰੀ ਨੂੰ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਕੇਸ ਦਰਜ ਕਰਕੇ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਸੀ।

ਇਸ ਤੋਂ ਪਹਿਲਾਂ ਮੋਹਾਲੀ ਕੋਰਟ ਵੱਲੋਂ 5 ਮਾਰਚ ਨੂੰ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਗਈ ਸੀ। ਵਿਜੀਲੈਂਸ ਜਾਂਚ ਅਨੁਸਾਰ ਸਾਲ 2016 ਤੋਂ 2022 ਤੱਕ ਧਰਮਸੋਤ ਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 3.27 ਕਰੋੜ ਰੁਪਏ ਸੀ ਪਰ 6.39 ਕਰੋੜ ਰੁਪਏ ਵਧ 8.76 ਕਰੋੜ ਰੁਪਏ ਖਰਚ ਕੀਤਾ ਗਿਆ।

ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਦੇ ਜੰਗਲਾਤ ਘਪਲੇ ਵਿਚ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਇਸ ਮਾਮਲੇ ਵਿਚ ਉਨ੍ਹਾਂ ਨੂੰ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ। ਇਸ ਮਾਮਲੇ ਵਿਚ ਧਰਮਸੋਤ ਤੋਂ ਇਲਾਵਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਦਾ ਨਾਂ ਵੀ ਆ ਚੁਕਾ ਹੈ। ਦੋਸ਼ ਹੈਕਿ ਉਨ੍ਹਾਂ ਨੇ ਪ੍ਰਤੀ ਦਰੱਖਤ ਦੀ ਕਟਾਈ ਲਈ 500 ਰੁਪਏ ਰਿਸ਼ਵਤ ਲਈ ਸੀ। ਸੰਗਤ ਸਿੰਘ ਗਿਲਜੀਆਂ ਦੇ ਖਿਲਾਫ ਵੀ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।