15 ਸਾਲਾਂ ਬਾਅਦ ਟੁੱਟਿਆ ਆਮਿਰ ਖਾਨ ਦਾ ਦੂਜਾ ਵਿਆਹ, ਪਹਿਲੇ ਵਿਆਹ ਤੇ ਤਲਾਕ ਦੀ ਕਹਾਣੀ ਵੀ ਸੀ ਦਿਲਚਸਪ

ਮਸ਼ਹੂਰ ਅਭਿਨੇਤਾ ਤੇ ਮਿਸਟਰ ਪ੍ਰਫੈਕਟਨਿਸਟ ਦੇ ਨਾਮ ਨਾਲ ਜਾਣੇ ਜਾਂਦੇ ਆਮਿਰ ਖਾਨ ਦਾ ਦੂਜਾ ਵਿਆਹ ਵੀ 15 ਸਾਲਾਂ ਬਾਅਦ ਟੁੱਟ ਗਿਆ। ਖੁਦ ਆਮਿਰ ਖਾਨ ਤੇ ਉਹਨਾਂ ਦੀ ਪਤਨੀ ਕਿਰਨ ਰਾਓ ਨੇ ਇਸ ਬਾਰੇ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਕਿਰਨ ਤੇ ਆਮਿਰ ਦੀ ਪਹਿਲੀ ਮੁਲਾਕਾਤ ਲਗਾਨ ਫਿਲਮ ਦੇ ਸੈੱਟ ‘ਤੇ ਹੋਈ ਸੀ , ਕਿਰਨ ਲਗਾਨ ਫਿਲਮ ਦੀ ਅਸਿਸਟੈਂਟ ਡਾਇਰੈਕਟਰ ਸੀ। ਇਸ ਫਿਲਮ ਤੋਂ ਹੀ ਦੋਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ, ਬਾਅਦ ਵਿਚ ਦੋਹਾਂ ਨੇ ਇਕ-ਦੂਜੇ ਨੂੰ ਕਰੀਬ 2 ਸਾਲ ਤਕ ਡੇਟ ਕੀਤਾ। ਜਿਸ ਤੋਂ ਬਾਅਦ 28 ਦਿਸੰਬਰ 2005 ਨੂੰ ਵਿਆਹ ਦੇ ਬੰਧਨ ਚ ਬੱਝ ਗਏ। ਦੋਹਾਂ ਦੇ ਇਕ ਬੇਟਾ ਵੀ ਹੈ, ਜਿਸ ਦਾ ਨਾਮ ਆਜ਼ਾਦ ਹੈ। ਆਜ਼ਾਦ ਦਾ ਜਨਮ ਸੇਰੋਗੇਸੀ ਰਾਹੀਂ ਹੋਇਆ ਸੀ।

ਇਸ ਤੋਂ ਪਹਿਲਾ ਆਮਿਰ ਦਾ ਪਹਿਲਾ ਵਿਆਹ ਵੀ ਮਹਿਜ 16 ਸਾਲ ਹੀ ਚੱਲ ਸਕਿਆ ਸੀ. ਆਮਿਰ ਨੇ ਆਪਣੇ ਬਚਪਨ ਦੀ ਦੋਸਤ ਰੀਨਾ ਦੱਤ ਨਾਲ ਪਹਿਲਾ ਵਿਆਹ ਕਰਵਾਇਆ ਸੀ। ਆਮਿਰ ਦੇ ਪਹਿਲਾ ਵਿਆਹ ਦੀ ਕਹਾਣੀ ਵੀ ਬੜੀ ਦਿਲਚਸਪ ਸੀ। ਉਹਨਾਂ ਨੇ ਘਰੋਂ ਭੱਜ ਕੇ ਰੀਨਾ ਨਾਲ ਵਿਆਹ ਕਰਵਾਇਆ ਸੀ, ਕਿਉਂਕਿ ਅਲਗ ਧਰਮ ਹੋਣ ਕਾਰਨ ਉਹਨਾਂ ਦੇ ਘਰ ਵਾਲੇ ਇਸ ਵਿਆਹ ਦੇ ਖਿਲਾਫ ਸਨ। ਰੀਨਾ ਨਾਲ ਤਲਾਕ ਵੀ ਦੇਸ਼ ਦੇ ਮਹਿੰਗੇ ਤਲਾਕ ਵਿਚ ਸ਼ੁਮਾਰ ਸੀ। ਆਮਿਰ ਨੇ 50 ਕਰੋੜ ਦੇ ਕੇ ਰੀਨਾ ਤੋਂ ਤਲਾਕ ਲਿਆ ਸੀ, ਤੇ ਬੜੀ ਧੂਮ ਧਾਮ ਨਾਲ ਕਿਰਨ ਨਾਲ ਦੂਜਾ ਵਿਆਹ ਕਰਵਾਇਆ ਸੀ ਪਰ ਇਹ ਰਿਸ਼ਤਾ ਵੀ ਨਹੀਂ ਨਿਭ ਸਕਿਆ ਤੇ 15 ਸਾਲਾਂ ਬਾਅਦ ਦੋਵੇਂ ਵੱਖ ਹੋ ਗਏ।

ਆਮਿਰ ਤੇ ਕਿਰਨ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਦੱਸਿਆ ਕਿ ਇਨ੍ਹਾਂ ਖੂਬਸੂਰਤ 15 ਸਾਲਾਂ ਵਿਚ ਅਸੀਂ ਇਕੱਠੇ ਜ਼ਿੰਦਗੀ ਦੇ ਅਨੁਭਵਾਂ ਤੇ ਖੁਸ਼ੀ ਨੂੰ ਸਾਂਝਾ ਕੀਤਾ ਹੈ, ਸਾਡਾ ਰਿਸ਼ਤਾ ਸਿਰਫ ਵਿਸ਼ਵਾਸ , ਸਨਮਾਨ ਤੇ ਪਿਆਰ ਦੇ ਵਿਚ ਵਧਿਆ ਹੈ। ਹੁਣ ਅਸੀਂ ਆਪਣੇ ਜੀਵਨ ਵਿਚ ਇਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹੁੰਦੇ ਹਾਂ। ਪਤੀ -ਪਤਨੀ ਨਹੀਂ ਸਗੋਂ ਸਹਿ ਮਾਤਾ-ਪਿਤਾ ਤੇ ਪਰਿਵਾਰ ਦੇ ਰੂਪ ‘ਚ , ਅੱਗੇ ਉਹਨਾਂ ਕਿਹਾ ਅਸੀਂ ਕੁਝ ਸਮਾਂ ਪਹਿਲਾਂ ਹੀ ਅਲੱਗ ਹੋਣ ਦੀ ਯੋਜਨਾ ਬਣਾ ਲਈ ਸੀ, ਹੁਣ ਰਸਮੀਂ ਤੌਰ ‘ਤੇ ਵੱਖ ਹੋਣ ਵਿਚ ਅਸੀਂ ਸਹਿਜ ਮਹਿਸੂਸ ਕਰ ਰਹੇ ਹਾਂ, ਵੱਖ ਹੋਣ ਦੇ ਬਾਵਜੂਦ ਅਸੀਂ ਸਾਂਝੇ ਤੌਰ ‘ਤੇ ਪਰਿਵਾਰਿਕ ਜੀਵਨ ਬਤੀਤ ਕਰਾਂਗੇ ਤੇ ਬੇਟੇ ਆਜ਼ਾਦ ਨੂੰ ਉਸੇ ਸਮਰਪਣ ਦੇ ਨਾਲ ਪਿਆਰ ਦਿੰਦੇ ਰਹਾਂਗੇ ਤੇ ਮਿਲ ਕੇ ਉਸਦਾ ਪਾਲਣ ਪੋਸ਼ਣ ਕਰਾਂਗੇ। ਵੱਖ ਹੋਣ ਤੋਂ ਬਾਅਦ ਵੀ ਅਸੀਂ
ਆਪਣੀਆਂ ਫ਼ਿਲਮਾਂ , ਆਪਣੀਆਂ ਫਾਊਂਡੇਸ਼ਨ ਤੇ ਬਾਕੀ ਪ੍ਰੋਜੈਕਟਾਂ ਦੇ ਨਾਲ ਅੱਗੇ ਆਉਂਦੇ ਰਹਾਂਗੇ।

ਕਿਰਨ ਤੇ ਆਮਿਰ ਖਾਨ ਦੀ ਜੋੜੀ ਨੇ ਇਕ ਤੋਂ ਵੱਧ ਕੇ ਇਕ ਵਧੀਆ ਫ਼ਿਲਮਾਂ ਦਿੱਤੀਆਂ।.. ਲਗਾਨ , ਧੋਬੀ ਘਾਟ , ਪੀਪਲੀ ਲਾਈਵ , ਦੇਲੀ-ਬੇਲੀ , ਦੰਗਲ , ਸੀਕ੍ਰੇਟ ਸੁਪਰ ਸਟਾਰ , ਰੁ ਬ ਰੁ ਰੋਸ਼ਨੀ, ਲਾਲ ਸਿੰਘ ਚੱਢਾ ਵਰਗੀਆਂ ਫ਼ਿਲਮਾਂ ਵਿਚ ਇਕੱਠੇ ਕੰਮ ਕੀਤਾ। ਕਿਰਨ ਨੇ ਦਿਲ ਚਾਹਤਾ ਹੈ ਫਿਲਮ ਵਿਚ ਇਕ ਮਿੰਟ ਦਾ ਰੋਲ ਵੀ ਕੀਤਾ ਸੀ, ਜਿਸ ਵਿਚ ਆਮਿਰ ਖਾਨ ਲੀਡ ਰੋਲ ਵਿਚ ਸਨ। ਆਮਿਰ ਜਿੱਥੇ ਕੈਮਰੇ ਦੇ ਅੱਗੇ ਪਰਫਾਰਮੈਂਸ ਦਿੰਦੇ ਸੀ, ਓਥੇ ਕਿਰਨ ਕੈਮਰੇ ਦੇ ਪਿੱਛੇ ਰਹਿ ਕੇ ਕੰਮ ਕਰਦੀ ਰਹੀ।

ਕੁਲਵਿੰਦਰ ਮਾਹੀ