ਪੰਜਾਬ ‘ਚ ਫਿਰ ਤੋਂ ਯੈਲੋ ਅਲਰਟ, ਦੋ ਦਿਨ ਪਵੇਗੀ ਬਰਸਾਤ

ਡੈਸਕ- ਕੇਰਲ ਵਿਚ ਮਾਨਸੂਨ ਦੀ ਦਸਤਕ ਤੋਂ ਬਾਅਦ ਹੁਣ ਪੂਰਾ ਭਾਰਤ ਇਸ ਦਾ ਇੰਤਜ਼ਾਰ ਕਰ ਰਿਹਾ ਹੈ। ਨਿੱਜੀ ਮੌਸਮ ਏਜੰਸੀ ਸਕਾਈਮੇਟ ਨਾਲ ਜੁੜੇ ਮੌਸਮ ਵਿਗਿਆਨੀ ਮਹੇਸ਼ ਪਾਲਾਵਤ ਮੁਤਾਬਕ ਉੱਤਰੀ ਭਾਰਤ ‘ਚ ਮਾਨਸੂਨ ਕਦੋਂ ਦਸਤਕ ਦੇਵੇਗਾ, ਇਸ ਬਾਰੇ ਸਹੀ ਭਵਿੱਖਬਾਣੀ ਕਰਨਾ ਮੁਸ਼ਕਿਲ ਹੈ ਪਰ 20 ਜੂਨ ਤੋਂ ਬਾਅਦ ਉੱਤਰੀ ਭਾਰਤ ‘ਚ ਦਸਤਕ ਦੇਣ ਦੀ ਉਮੀਦ ਹੈ। ਉਧਰ, ਪੰਜਾਬ ਸਣੇ ਕਈ ਸੂਬਿਆਂ ਵਿਚ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨਾਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਮੌਸਮ ਵਿਭਾਗ ਵੱਲੋਂ 12 ਅਤੇ 13 ਜੂਨ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੱਛਮੀ ਬੰਗਾਲ ਦੇ ਉਪ-ਹਿਮਾਲੀਅਨ ਜ਼ਿਲ੍ਹਿਆਂ ਵਿਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ ਕਾਰਨ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ, ਰਾਜ ਦੇ ਦੱਖਣੀ ਜ਼ਿਲ੍ਹਿਆਂ ਦੇ ਲੋਕਾਂ ਦੇ 13 ਜੂਨ ਤੱਕ ਭਿਆਨਕ ਗਰਮੀ ਦੀ ਲਹਿਰ ਨਾਲ ਜੂਝਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰਾਜ ਦੇ ਉਪ-ਹਿਮਾਲੀਅਨ ਜ਼ਿਲ੍ਹਿਆਂ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਦੱਖਣ-ਪੱਛਮੀ ਮਾਨਸੂਨ ਦੋ ਦਿਨਾਂ ਦੇ ਅੰਦਰ ਸਾਰੇ ਉੱਤਰ-ਪੂਰਬੀ ਰਾਜਾਂ ਅਤੇ ਪੱਛਮੀ ਬੰਗਾਲ ਅਤੇ ਸਿੱਕਮ ਵੱਲ ਵਧਣ ਦੀ ਸੰਭਾਵਨਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੂਰਬੀ ਰਾਜਾਂ ਵਿਚ ਮਾਨਸੂਨ ਦੇ ਆਉਣ ਕਾਰਨ ਮਨੀਪੁਰ, ਨਾਗਾਲੈਂਡ, ਮੇਘਾਲਿਆ ਅਤੇ ਮਿਜ਼ੋਰਮ ਵਿੱਚ ਵਿਚ ਅਗਲੇ ਤਿੰਨ ਦਿਨਾਂ ਅਤੇ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅਗਲੇ ਪੰਜ ਦਿਨਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।