Internet Speed Test: ਮੋਬਾਈਲ ਇੰਟਰਨੈੱਟ ਸਪੀਡ ‘ਚ ਭਾਰਤ ਨੇ ਲਾਈ ਛਲਾਂਗ, ਗਲੋਬਲ ਰੈਂਕਿੰਗ ‘ਚ 56ਵੇਂ ਸਥਾਨ ‘ਤੇ ਪਹੁੰਚਿਆ

Global Mobile Internet Speed Ranking: ਗਲੋਬਲ ਮੋਬਾਈਲ ਇੰਟਰਨੈੱਟ ਸਪੀਡ ਦੀ ਤਾਜ਼ਾ ਰੈਂਕਿੰਗ ਵਿੱਚ ਭਾਰਤ ਤਿੰਨ ਸਥਾਨਾਂ ਦੇ ਵਾਧੇ ਨਾਲ 56ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਹ ਜਾਣਕਾਰੀ ਓਕਲਾ ਸਪੀਡਟੈਸਟ ਗਲੋਬਲ ਇੰਡੈਕਸ ਦੀ ਤਾਜ਼ਾ ਰੈਂਕਿੰਗ ਵਿੱਚ ਦਿੱਤੀ ਗਈ ਹੈ। ਮਈ ਮਹੀਨੇ ਲਈ ਜਾਰੀ ਇਸ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਔਸਤ ਮੋਬਾਈਲ ਡਾਊਨਲੋਡ ਸਪੀਡ ਅਪ੍ਰੈਲ ਵਿੱਚ 36.78 ਮੈਗਾਬਾਈਟ ਪ੍ਰਤੀ ਸੈਕਿੰਡ (ਐਮਬੀਪੀਐਸ) ਤੋਂ ਮਈ ਵਿੱਚ ਵਧ ਕੇ 39.94 ਐਮਬੀਪੀਐਸ ਹੋ ਗਈ।

ਫਿਕਸਡ ਬਰਾਡਬੈਂਡ ਦੀ ਔਸਤ ਸਪੀਡ ਕੀ ਹੈ?
ookla ਮਹੀਨਾਵਾਰ ਆਧਾਰ ‘ਤੇ ਦੁਨੀਆ ਭਰ ਵਿੱਚ ਮੋਬਾਈਲ ਅਤੇ ਫਿਕਸਡ ਬਰਾਡਬੈਂਡ ਸਪੀਡਾਂ ਦੀ ਰੈਂਕਿੰਗ ਕਰਦਾ ਹੈ। ਇਸ ਦੀ ਤਾਜ਼ਾ ਰਿਪੋਰਟ ਮੁਤਾਬਕ ਮਈ ਮਹੀਨੇ ‘ਚ ਭਾਰਤ ਦੀ ਔਸਤ ਮੋਬਾਈਲ ਸਪੀਡ ‘ਚ ਵਿਸ਼ਵ ਪੱਧਰ ‘ਤੇ ਤਿੰਨ ਸਥਾਨਾਂ ਦਾ ਸੁਧਾਰ ਹੋਇਆ ਹੈ। ਹਾਲਾਂਕਿ ਫਿਕਸਡ ਬ੍ਰਾਡਬੈਂਡ ਦੀ ਔਸਤ ਸਪੀਡ ‘ਚ ਭਾਰਤ ਮਈ ‘ਚ ਇਕ ਸਥਾਨ ਖਿਸਕ ਕੇ 84ਵੇਂ ਸਥਾਨ ‘ਤੇ ਆ ਗਿਆ ਹੈ। ਇਸ ਦੇ ਨਾਲ ਹੀ, ਫਿਕਸਡ ਔਸਤ ਡਾਊਨਲੋਡ ਸਪੀਡ ‘ਚ ਭਾਰਤ ਦਾ ਪ੍ਰਦਰਸ਼ਨ ਮਈ ‘ਚ ਵਧ ਕੇ 52.53 Mbps ਹੋ ਗਿਆ, ਜੋ ਅਪ੍ਰੈਲ ‘ਚ 51.12 Mbps ਸੀ।

ਕੀ ਕਹਿੰਦੀ ਹੈ ਤਾਜ਼ਾ ਰੈਂਕਿੰਗ?
ਸੰਯੁਕਤ ਅਰਬ ਅਮੀਰਾਤ (ਯੂਏਈ) ਮੋਬਾਈਲ ਸਪੀਡ ਦੇ ਮਾਮਲੇ ਵਿੱਚ ਅੱਗੇ ਚੱਲ ਰਿਹਾ ਹੈ, ਜਦੋਂ ਕਿ ਮਾਰੀਸ਼ਸ ਨੇ ਓਕਲਾ ਸਪੀਡਟੈਸਟ ਗਲੋਬਲ ਇੰਡੈਕਸ ਦੀ ਮਈ ਰੈਂਕਿੰਗ ਵਿੱਚ 11 ਸਥਾਨਾਂ ਦੀ ਛਾਲ ਮਾਰੀ ਹੈ। ਇਕ ਰਿਪੋਰਟ ਮੁਤਾਬਕ ਮਈ ‘ਚ ਫਿਕਸਡ ਬ੍ਰਾਡਬੈਂਡ ਡਾਊਨਲੋਡ ਸਪੀਡ ‘ਚ ਸਿੰਗਾਪੁਰ ਸਭ ਤੋਂ ਵਧੀਆ ਰਿਹਾ ਹੈ, ਜਦਕਿ ਬਹਿਰੀਨ ਨੇ 17 ਸਥਾਨਾਂ ਦੀ ਛਾਲ ਮਾਰੀ ਹੈ।